ਟੋਕੀਓ, ਓਲੰਪਿਕ ਟੈਸਟ ਟੂਰਨਾਮੈਂਟ ਤੋਂ ਪਹਿਲਾਂ ਹੌਸਲੇ ਨਾਲ ਭਰਪੂਰ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੇ ਕਪਤਾਨਾਂ ਕ੍ਰਮਵਾਰ ਹਰਮਨਪ੍ਰੀਤ ਸਿੰਘ ਅਤੇ ਰਾਣੀ ਰਾਮਪਾਲ ਨੇ ਕਿਹਾ ਕਿ ਭਾਰਤੀ ਟੀਮਾਂ ਮਜ਼ਬੂਤ ਵਿਰੋਧੀਆਂ ਤੋਂ ਭੈਅ-ਭੀਤ ਨਹੀਂ ਹੋਣਗੀਆਂ ਅਤੇ ਉਹ ਦੁਨੀਆਂ ਦੀ ਕਿਸੇ ਵੀ ਟੀਮ ਨੂੰ ਹਰਾਉਣ ਦੀ ਸਮਰੱਥਾ ਰੱਖਦੀਆਂ ਹਨ।
ਓਲੰਪਿਕ ਟੈਸਟ ਟੂਰਨਾਮੈਂਟ ਸ਼ਨਿੱਚਰਵਾਰ ਤੋਂ ਇੱਥੇ ਓਈ ਹਾਕੀ ਸਟੇਡੀਅਮ ’ਤੇ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਖੇਡਣਗੀਆਂ। ਦੋਵੇਂ ਟੀਮਾਂ ਐੱਫਆਈਐੱਚ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਵਿੱਚ ਲੱਗੀਆਂ ਹੋਈਆਂ ਹਨ, ਜੋ ਇਸ ਸਾਲ ਵਿੱਚ ਨਵੰਬਰ ਵਿੱਚ ਹੋਣਾ ਹੈ। ਐੱਫਆਈਐੱਚ ਓਲੰਪਿਕ ਕੁਆਲੀਫਾਇਰ ਵਿੱਚ ਜੇਤੂ ਟੀਮ ਟੋਕੀਓ ਓਲੰਪਿਕ-2020 ਵਿੱਚ ਆਪਣੀ ਥਾਂ ਪੱਕੀ ਕਰ ਲਵੇਗੀ। ਆਲਮੀ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ ਕਾਬਜ਼ ਭਾਰਤ ਓਲੰਪਿਕ ਟੈਸਟ ਟੂਰਨਾਮੈਂਟ ਵਿੱਚ ਉੱਚ ਦਰਜੇ ਦੀ ਟੀਮ ਹੈ। ਉਹ ਦੁਨੀਆਂ ਦੀ ਅੱਠਵੇਂ ਨੰਬਰ ਦੀ ਟੀਮ ਨਿਊਜ਼ੀਲੈਂਡ, ਮਲੇਸ਼ੀਆ (12ਵੇਂ ਨੰਬਰ) ਅਤੇ ਜਾਪਾਨ (16ਵੇਂ ਨੰਬਰ) ਨਾਲ ਭਿੜੇਗੀ।