ਨਿਊਯਾਰਕ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਕੰਪਨੀ ‘ਓਪਨ ਏ.ਆਈ.’ ਦੇ ਭਾਰਤੀ ਮੂਲ ਦੇ ਸਾਬਕਾ ਮੁਲਾਜ਼ਮ (26) ਨੇ ਸਾਨ ਫਰਾਂਸਿਸਕੋ ’ਚ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ‘ਦ ਮਰਕਰੀ ਨਿਊਜ਼’ ਨੇ ਸਾਨ ਫਰਾਂਸਿਸਕੋ ਪੁਲਿਸ ਅਤੇ ਮੁੱਖ ਮੈਡੀਕਲ ਜਾਂਚਕਰਤਾ ਦੇ ਦਫ਼ਤਰ ਦੇ ਹਵਾਲੇ ਨਾਲ ਦਸਿਆ ਕਿ ਸੁਚਿਰ ਬਾਲਾਜੀ 26 ਨਵੰਬਰ ਨੂੰ ਸਾਨ ਫਰਾਂਸਿਸਕੋ ਦੇ ਬੁਕਾਨਨ ਸਟ੍ਰੀਟ ਸਥਿਤ ਅਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ ਸੀ।
ਮੈਡੀਕਲ ਜਾਂਚਕਰਤਾ ਦੇ ਦਫਤਰ ਨੇ ਕਿਹਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ, ਜਦਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ ’ਚ ਗੜਬੜੀ ਦਾ ਕੋਈ ਸਬੂਤ ਨਹੀਂ ਹੈ। ਬਾਲਾਜੀ ਮਸ਼ਹੂਰ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ ਦੀਆਂ ਗਤੀਵਿਧੀਆਂ ਵਿਰੁਧ ਆਵਾਜ਼ ਚੁੱਕਣ ਲਈ ਜਾਣੇ ਜਾਂਦੇ ਸਨ। ਕੰਪਨੀ ਅਪਣੇ ਕਾਰੋਬਾਰੀ ਮਾਡਲ ਨੂੰ ਲੈ ਕੇ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਬਾਲਾਜੀ ਨੇ ਜਨਤਕ ਤੌਰ ’ਤੇ ‘ਓਪਨ ਏ.ਆਈ.’ ’ਤੇ ਤਿੰਨ ਮਹੀਨੇ ਪਹਿਲਾਂ ‘ਚੈਟ ਜੀ.ਪੀ.ਟੀ.’ ਬਣਾਉਣ ਵੇਲੇ ਅਮਰੀਕੀ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸੀ।
ਦੋਸ਼ ਸਾਹਮਣੇ ਆਉਣ ਤੋਂ ਬਾਅਦ, ਲੇਖਕਾਂ, ਕੰਪਿਊਟਰ ਪ੍ਰੋਗਰਾਮਰਾਂ ਅਤੇ ਪੱਤਰਕਾਰਾਂ ਨੇ ‘ਓਪਨ ਏ.ਆਈ.’ ਵਿਰੁਧ ਕਈ ਕੇਸ ਦਰਜ ਕੀਤੇ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਅਪਣੇ ਪ੍ਰੋਗਰਾਮ ਨੂੰ ਤਿਆਰ ਕਰਨ ਅਤੇ ਇਸ ਦੀ ਕੀਮਤ ਨੂੰ 150 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਵਧਾਉਣ ਲਈ ਗੈਰਕਾਨੂੰਨੀ ਢੰਗ ਨਾਲ ਉਨ੍ਹਾਂ ਦੀ ਕਾਪੀਰਾਈਟ ਸਮੱਗਰੀ ਚੋਰੀ ਕੀਤੀ।
23 ਅਕਤੂਬਰ ਨੂੰ ਨਿਊਯਾਰਕ ਟਾਈਮਜ਼ ’ਚ ਪ੍ਰਕਾਸ਼ਤ ਇਕ ਇੰਟਰਵਿਊ ’ਚ, ਬਾਲਾਜੀ ਨੇ ਦਲੀਲ ਦਿਤੀ ਸੀ ਕਿ ‘ਓਪਨ ਏ.ਆਈ.’ ਉਨ੍ਹਾਂ ਕਾਰੋਬਾਰਾਂ ਅਤੇ ਉੱਦਮੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਿਨ੍ਹਾਂ ਦੇ ਡੇਟਾ ਦੀ ਵਰਤੋਂ ‘ਚੈਟ ਜੀ.ਪੀ.ਟੀ.’ ਬਣਾਉਣ ਲਈ ਕੀਤੀ ਗਈ ਸੀ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਬਾਲਾਜੀ ਨੇ ‘ਓਪਨ ਏ.ਆਈ.’ ਛੱਡ ਦਿਤੀ ਕਿਉਂਕਿ ਉਹ ਹੁਣ ਉਨ੍ਹਾਂ ਤਕਨਾਲੋਜੀਆਂ ਵਿਚ ਯੋਗਦਾਨ ਨਹੀਂ ਦੇਣਾ ਚਾਹੁੰਦੇ ਸਨ ਜਿਨ੍ਹਾਂ ਬਾਰੇ ਉਨ੍ਹਾਂ ਦਾ ਮੰਨਣਾ ਸੀ ਕਿ ਸਮਾਜ ਨੂੰ ਲਾਭ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾਏਗੀ। ਮਰਕਰੀ ਨਿਊਜ਼ ਦੀ ਖਬਰ ਮੁਤਾਬਕ ਬਾਲਾਜੀ ਦੀ ਮਾਂ ਨੇ ਅਪਣੇ ਬੇਟੇ ਦੀ ਮੌਤ ’ਤੇ ਸੋਗ ਜ਼ਾਹਰ ਕਰਦੇ ਹੋਏ ਨਿੱਜਤਾ ਦੀ ਬੇਨਤੀ ਕੀਤੀ।