ਗੌਂਡਾ (ਯੂਪੀ), 17 ਅਪਰੈਲ

ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਅੱਜ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਭਾਰਤੀ ਮੁੱਕੇਬਾਜ਼ੀ ਸੰਘ (ਡਬਲਿਊਐੱਫਆਈ) ਦੇ ਪ੍ਰਧਾਨ ਦੇ ਅਹੁਦੇ ਲਈ 7 ਮਈ ਨੂੰ ਹੋਣ ਵਾਲੀ ਚੋਣ ਨਹੀਂ ਲੜਨਗੇ। ਹਾਲਾਂਕਿ, ਉਨ੍ਹਾਂ ਨਾਲ ਹੀ ਸੰਕੇਤ ਦਿੱਤਾ ਕਿ ਉਹ ਫੈਡਰੇਸ਼ਨ ਅੰਦਰ ਆਪਣੀ ਨਵੀਂ ਭੂਮਿਕਾ ਤਲਾਸ਼ ਸਕਦੇ ਹਨ। 

ਬ੍ਰਿਜ ਭੂਸ਼ਨ ਜਿਨਸੀ ਸ਼ੋਸ਼ਣ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਨੂੰ ਸਰਕਾਰੀ ਪੈਨਲ ਦੀ ਰਿਪੋਰਟ ਦੀ ਉਡੀਕ ਹੈ।  ਡਬਲਿਊਐੱਫਆਈ ਦੇ ਜਨਰਲ ਸਕੱਤਰ ਵੀ ਐੱਨ ਪ੍ਰਸੂਦ ਦੀ ਪ੍ਰਧਾਨਗੀ ਹੇਠ ਹੋਈ ਐਮਰਜੈਂਸੀ ਜਨਰਲ ਕੌਂਸਲ ਅਤੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸੰਘ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਬ੍ਰਿਜ ਭੂਸ਼ਨ ਤਿੰਨ ਵਾਰ ਡਬਲਿਊਐੱਫਆਈ ਦੇ ਪ੍ਰਧਾਨ ਰਹਿ ਚੁੱਕੇ ਹਨ। ਸੰਘ ਦੇ ਪ੍ਰਧਾਨ ਦਾ ਕਾਰਜਕਾਲ ਚਾਰ ਸਾਲ ਦਾ ਹੈ। ਖੇਡ ਜ਼ਾਬਤੇ ਮੁਤਾਬਕ ਡਬਲਿਊਐੱਫਆਈ ਦਾ ਮੁਖੀ ਲਗਾਤਾਰ 12 ਸਾਲ ਇਸ ਅਹੁਦੇ ’ਤੇ ਰਹਿ ਸਕਦਾ ਹੈ। ਇਸ ਤਰ੍ਹਾਂ ਬ੍ਰਿਜ ਭੂਸ਼ਨ ਇਸ ਚੋਟੀ ਦੇ ਅਹੁਦੇ ਲਈ ਚੋਣ ਲੜਨ ਤੋਂ ਅਯੋਗ ਹਨ। ਇਸ ਮੀਟਿੰਗ ਮਗਰੋਂ ਬ੍ਰਿਜ ਭੂਸ਼ਨ ਨੇ ਕਿਹਾ, ‘‘ਅਸੀਂ ਚੋਣਾਂ ਪਹਿਲਾਂ ਕਰਵਾਉਣੀਆਂ ਸਨ, ਪਰ ਹਾਲ ਹੀ ਦੇ ਵਿਵਾਦ ਕਾਰਨ ਚੋਣਾਂ ਨਹੀਂ ਕਰਵਾ ਸਕੇ, ਪਰ ਹੁਣ ਅਸੀਂ ਚੋਣਾਂ ਕਰਵਾਵਾਂਗੇ। ਮੈਂ ਖੇਡ ਜ਼ਾਬਤੇ ਦੀ ਪਾਲਣਾ ਕਰਾਂਗਾ ਅਤੇ ਪ੍ਰਧਾਨ ਦੇ ਅਹੁਦੇ ਲਈ ਚੋਣ ਨਹੀਂ ਲੜਾਂਗਾ।’’ ਇਹ ਪੁੱਛਣ ’ਤੇ ਕੀ ਹੁਣ ਉਹ ਡਬਲਿਊਐੱਫਆਈ ਨਾਲ ਜੁੜੇ ਨਹੀਂ ਰਹਿਣਗੇ ਤਾਂ 66 ਸਾਲਾ ਬ੍ਰਿਜ ਭੂਸ਼ਨ ਨੇ ਕਿਹਾ, ‘‘ਮੈਂ ਕਿਹਾ ਕਿ ਮੈਂ ਪ੍ਰਧਾਨਗੀ ਲਈ ਚੋਣ ਨਹੀਂ ਲੜਾਂਗਾ। ਮੈਂ ਇਹ ਨਹੀਂ ਕਿਹਾ ਕਿ ਮੈਂ ਚੋਣਾਂ ਨਹੀਂ ਲੜਾਂਗਾ।’’ 

ਹਾਲਾਂਕਿ, ਉਹ ਪੰਜ ਮੈਂਬਰੀ ਡਬਲਿਊਐੱਫਆਈ ਕਾਰਜਕਾਰਨੀ ਕਮੇਟੀ ਦੇ ਮੈਂਬਰ ਦਾ ਹਿੱਸਾ ਬਣ ਸਕਦੇ ਹਨ। ਲਗਾਤਾਰ 12 ਸਾਲ ਪ੍ਰਧਾਨ ਰਹਿ ਚੁੱਕੇ ਵਿਅਕਤੀ ਨੂੰ ਅਗਲੇ ਚਾਰ ਸਾਲਾਂ ਲਈ ਅਹੁਦੇ ਤੋਂ ਲਾਂਭੇ ਰਹਿਣਾ ਪੈਂਦਾ ਹੈ ਤਾਂ ਹੀ ਉਹ ਸੰਘ ਦੇ ਪ੍ਰਧਾਨਗੀ ਅਹੁਦੇ ਲਈ ਮੁੜ ਚੋਣ ਲੜ ਸਕਦਾ ਹੈ।