ਉਲਾਨਬਾਟੇਰ (ਮੰਗੋਲੀਆ), 18 ਨਵੰਬਰ
ਫਾਈਨਲ ਵਿੱਚ ਥਾਂ ਬਣਾਉਣ ਵਾਲੇ ਸੱਤ ਭਾਰਤੀਆਂ ਵਿੱਚੋਂ ਪੰਜ ਮਹਿਲਾ ਮੁੱਕੇਬਾਜ਼ਾਂ ਨੇ ਅੱਜ ਇੱਥੇ ਏਸ਼ਿਆਈ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਪੁਰਸ਼ਾਂ ਨੇ ਦੋ ਚਾਂਦੀ ਦੇ ਤਗ਼ਮੇ ਹਾਸਲ ਕੀਤੇ।
ਨਾਓਰੇਮ ਚਾਨੂ (51 ਕਿਲੋ), ਵਿੰਕਾ (64 ਕਿਲੋ), ਸਨਾਮਾਚਾ ਚਾਨੂ (75 ਕਿਲੋ), ਪੂਨਮ (54 ਕਿਲੋ) ਅਤੇ ਸੁਸ਼ਮਾ (81 ਕਿਲੋ) ਨੇ ਸੋਨ ਤਗ਼ਮੇ ਜਿੱਤੇ। ਪੁਰਸ਼ ਵਰਗ ਵਿੱਚ ਸੇਲਾਏ ਸੋਏ (49 ਕਿਲੋ) ਅਤੇ ਅੰਕਿਤ ਨਰਵਾਲ (60 ਕਿਲੋ) ਨੂੰ ਫਾਈਨਲ ਵਿੱਚ ਹਾਰ ਕਾਰਨ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਨੇ ਮੁਕਾਬਲੇ ਦੌਰਾਨ ਕੁੱਲ 12 ਤਗ਼ਮੇ ਜਿੱਤੇ। ਅਰੁੰਧਤੀ ਚੌਧਰੀ (69 ਕਿਲੋ), ਕੋਮਲਪ੍ਰੀਤ ਕੌਰ (81 ਕਿੱਲੋ ਤੋਂ ਵੱਧ), ਜੈਸਮੀਨ (57 ਕਿਲੋ), ਸਤਿੰਦਰ ਸਿੰਘ (91 ਕਿਲੋ) ਅਤੇ ਅਮਨ (91 ਕਿਲੋ ਤੋਂ ਵੱਧ) ਨੇ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਭਾਰਤ ਲਈ ਦਿਨ ਦੀ ਸ਼ੁਰੂਆਤ ਸੇਲਾਏ ਨੇ ਕੀਤੀ, ਜਿਸ ਨੂੰ ਫਾਈਨਲ ਵਿੱਚ ਕਜ਼ਾਖ਼ਸਤਾਨ ਦੇ ਬਾਜ਼ਰਬੇਅ ਉੱਲੁ ਮੁਖਾਮੇਦਸਾਏਫੀ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਨਰਵਾਲ ਵੀ ਇਸ ਮਗਰੋਂ ਜਾਪਾਨ ਦੇ ਰੇਇਤੋ ਸੁਤਸੁਮੇ ਤੋਂ ਹਾਰ ਗਿਆ। ਪੂਨਮ ਨੇ ਚੀਨ ਦੀ ਵੇਇਕੀ ਕੇਈ ਨੂੰ ਹਰਾ ਕੇ ਭਾਰਤ ਦੇ ਸੋਨ ਤਗ਼ਮਿਆਂ ਦਾ ਖਾਤਾ ਖੋਲ੍ਹਿਆ, ਜਦਕਿ ਸੁਸ਼ਮਾ ਨੇ ਕਜ਼ਾਖਸਤਾਨ ਦੀ ਬਾਕਿਤਝਾਨਕਿਜ਼ੀ ਨੂੰ ਹਰਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ।
ਨਾਓਰੇਮ ਚਾਨੂ ਨੇ ਫਾਈਨਲ ਵਿੱਚ ਕਜ਼ਾਖ਼ਸਤਾਨ ਦੀ ਅਨੇਲ ਬਰਕੀਆਹ ਨੂੰ ਹਰਾਇਆ। ਵਿੰਕਾ ਨੇ ਚੀਨ ਦੀ ਹੈਨੀ ਨੁਲਾਤਾਇਲੀ ਨੂੰ ਹਰਾ ਕੇ ਚੌਥਾ ਸੋਨ ਤਗ਼ਮਾ ਭਾਰਤ ਦੀ ਝੋਲੀ ਪਾਇਆ, ਜਦਕਿ ਸਨਾਮਾਚਾ ਚਾਨੂ ਨੇ ਉਜ਼ਬੇਕਿਸਤਾਨ ਦੀ ਨਵਬਾਖੋਰ ਖਾਮਿਦੋਵਾ ਨੂੰ ਹਰਾ ਕੇ ਦੇਸ਼ ਲਈ ਪੰਜਵਾਂ ਸੋਨ ਤਗ਼ਮਾ ਜਿੱਤਿਆ।