ਨਵੀ ਦਿੱਲੀ, 8 ਸਤੰਬਰ

ਭਾਰਤੀ ਫੌਜ ਨੇ ਕਿਹਾ ਹੈ ਕਿ ਚੀਨ ਲੱਦਾਖ ਵਿੱਚ ਸਰਹੱਦੀ ਸਥਿਤੀ ਨੂੰ ਤਣਾਅਪੂਰਨ ਬਣਾਉਣ ਲਈ ਲਗਾਤਾਰ ਉਕਸਾਊ ਕਰਵਾਈਆਂ ਕਰ ਰਿਹਾ ਹੈ। ਭਾਰਤੀ ਫੌਜ ਨੇ ਕਦੇ ਵੀ ਐੱਲਏਸੀ ਨੂੰ ਪਾਰ ਨਹੀਂ ਕੀਤਾ ਤੇ ਗੋਲੀਬਾਰੀ ਸਣੇ ਕਿਸੇ ਹਮਲਾਵਰ ਰੁਖ਼ ਨੂੰ ਨਹੀਂ ਅਪਣਾਇਆ ਸਗੋਂ ਪੀਐੱਲਏ ਦੇ ਫੌਜੀਆਂ ਨੇ ਭਾਰਤੀ ਫੌਜੀਆਂ ਨੂੰ ਡਰਾਉਣ ਲਈ ਹਵਾ ਵਿੱਚ ਕੁੱਝ ਗੋਲੀਆਂ ਚਲਾਈਆਂ। ਭਾਰਤੀ ਫੌਜ ਮੁਤਾਬਕ ਚੀਨ ਦੇ ਉਕਸਾਉਣ ਦੇ ਬਾਵਜੂਦ ਭਾਰਤੀ ਫੌਜ ਬੜੇ ਸਬਰ ਤੋਂ ਕੰਮ ਲੈ ਰਹੀ ਹੈ ਤੇ ਪੂਰੀ ਤਰ੍ਹਾਂ ਜ਼ਿੰਮੇਵਾਰੀ ਵਾਲਾ ਰਵੱਈਆਂ ਅਪਣਾ ਰਹੀ ਹੈ। ਇਸ ਦੇ ਨਾਲ ਹੀ ਕਿਹਾ ਕਿ ਚੀਨੀ ਦੀ ਪੀਐੱਲਏ ਸਮਝੌਤਿਆਂ ਦੀ ਸਾਫ਼ ਤੌਰ ’ਤੇ ਉਲੰਘਣਾ ਕਰ ਰਹੀ ਹੈ ਤੇ ਹਮਲਾਵਰ ਰੁਖ਼ ਅਪਣਾ ਰਹੀ ਹੈ। ਸੋਮਵਾਰ ਨੂੰ ਪੀਐੱਲਏ ਨੇ ਐੱਲਏਸੀ ਕੋਲ ਭਾਰਤੀ ਫੌਜ ਦੀ ਮੂਹਰਲੀ ਚੌਕੀ ਦੇ ਕੋਲ ਆਉਣ ਦੀ ਕੋਸ਼ਿਸ਼ ਕੀਤੀ। ਭਾਰਤੀ ਫੌਜ ਨੇ ਸਪਸ਼ਟ ਕੀਤਾ ਕਿ ਉਹ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ।