ਨਵੀਂ ਦਿੱਲੀ, 15 ਜਨਵਰੀ
ਭਾਰਤੀ ਫੌਜ ਨੇ ਅੱਜ ਨਵੀਂ ਲੜਾਕੂ ਵਰਦੀ ਜਾਰੀ ਕੀਤੀ ਹੈ। ਇਹ ਵਰਦੀ ਆਰਾਮਦਾਇਕ ਹੋਵੇਗੀ ਜਿਸ ਨੂੰ ਵਾਤਾਵਰਨ ਅਨੁਸਾਰ ਤਿਆਰ ਕੀਤਾ ਗਿਆ ਹੈ। ਪੈਰਾਸ਼ੂਟ ਰੈਜੀਮੈਂਟ ਦੇ ਕਮਾਂਡੋਆਂ ਨੇ ਇਹ ਵਰਦੀ ਪਾ ਕੇ ਅੱਜ ਫੌਜ ਦਿਵਸ ਦੀ ਪਰੇਡ ਵਿਚ ਹਿੱਸਾ ਲਿਆ। ਇਹ ਵਰਦੀ ਜੈਤੂਨ ਅਤੇ ਮਿੱਟੀ ਦੇ ਰੰਗਾਂ ਦੇ ਮਿਸ਼ਰਣ ਨਾਲ ਤਿਆਰ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਦੇ ਸਹਿਯੋਗ ਨਾਲ ਵੱਖ-ਵੱਖ ਦੇਸ਼ਾਂ ਦੀਆਂ ਫੌਜਾਂ ਦੀਆਂ ਲੜਾਕੂ ਵਰਦੀਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਨਵੀਂ ਵਰਦੀ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੂਨੀਫਾਰਮ ਜ਼ਿਆਦਾ ਆਰਾਮਦਾਇਕ ਹੈ ਅਤੇ ਇਹ ਹਰ ਤਰ੍ਹਾਂ ਦੇ ਇਲਾਕਿਆਂ ’ਚ ਪਾਈ ਜਾ ਸਕੇਗੀ। ਇਹ ਨਵੀਂ ਵਰਦੀ ਖੁੱਲ੍ਹੇ ਬਾਜ਼ਾਰ ਵਿੱਚ ਉਪਲਬਧ ਨਹੀਂ ਹੋਵੇਗੀ।