ਨਵੀਂ ਦਿੱਲੀ: ਭਾਰਤੀ ਫੁਟਬਾਲ ਟੀਮ ਦੇ ਕੋਚ ਇਗੋਰ ਸਟਿਮਕ ਨੇ ਦਿੱਲੀ-ਐੱਨਸੀਆਰ ਦੇ ਇੱਕ ਜੋਤਸ਼ੀ ਦੀ ਸਲਾਹ ਨਾਲ ਜੂਨ 2022 ਵਿੱਚ ਅਫਗਾਨਿਸਤਾਨ ਖ਼ਿਲਾਫ਼ ਏਸ਼ਿਆਈ ਕੱਪ ਦੇ ਅਹਿਮ ਮੈਚ ਲਈ ਕੌਮੀ ਟੀਮ ਦੀ ਚੋਣ ਕੀਤੀ ਸੀ। ਦਿਲਚਸਪ ਗੱਲ ਹੈ ਕਿ ਸਟਿਮਕ ਨੂੰ ਜੋਤਸ਼ੀ ਨਾਲ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਵੱਲੋਂ ਮਿਲਵਾਇਆ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਏਆਈਐੱਫਐੱਫ ਦੇ ਤਤਕਾਲੀ ਸਕੱਤਰ ਜਨਰਲ ਕੁਸ਼ਲ ਦਾਸ ਨੇ ਮੰਨਿਆ ਕਿ ਉਸ ਨੇ ਮਈ 2022 ਵਿੱਚ ਦੋਵਾਂ ਨੂੰ ਇੱਕ-ਦੂਜੇ ਨਾਲ ਮਿਲਵਾਇਆ ਸੀ। ਰਿਪੋਰਟ ਅਨੁਸਾਰ ਸਟਿਮਕ ਨੇ ਜੋਤਸ਼ੀ ਨੂੰ ਸੰਭਾਵੀ 11 ਖਿਡਾਰੀਆਂ ਦੇ ਨਾਵਾਂ ਵਾਲੀ ਸੂਚੀ ਭੇਜੀ ਸੀ। ਚੈਂਪੀਅਨਸ਼ਿਪ ਵਿੱਚ ਬਣੇ ਰਹਿਣ ਲਈ ਭਾਰਤ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਸੀ। 11 ਜੂਨ ਨੂੰ ਖੇਡੇ ਜਾਣ ਵਾਲੇ ਇਸ ਮੈਚ ਦੀ ਸੂਚੀ 9 ਜੂਨ ਨੂੰ ਜੋਤਸ਼ੀ ਨਾਲ ਸਾਂਝੀ ਕੀਤੀ ਗਈ ਸੀ। ਇਸ ਦੇ ਜਵਾਬ ਵਿੱਚ ਜੋਤਸ਼ੀ ਨੇ ਖਿਡਾਰੀਆਂ ਦੇ ਨਾਵਾਂ ਅੱਗੇ ‘ਵਧੀਆ’, ‘ਵਧੀਆ ਕਰ ਸਕਦਾ ਹੈ’, ‘ਲੋੜ ਤੋਂ ਵੱਧ ਆਤਮਵਿਸ਼ਵਾਸ ਤੋਂ ਬਚਣ ਦੀ ਜ਼ਰੂਰਤ’, ‘ਔਸਤ ਤੋਂ ਹੇਠਾਂ ਦਿਨ ਰਹਿ ਸਕਦਾ ਹੈ’, ‘ਬਹੁਤ ਸ਼ਾਨਦਾਰ ਦਿਨ ਪਰ ਲੋੜ ਤੋਂ ਵੱਧ ਹਮਲਾਵਰ ਹੋ ਸਕਦਾ ਹੈ’, ‘ਸਿਫਾਰਸ਼ ਨਹੀਂ ਕੀਤੀ ਜਾਂਦੀ’ ਆਦਿ ਟਿੱਪਣੀਆਂ ਕੀਤੀਆਂ। ਭਾਰਤ ਨੇ 2022 ਵਿੱਚ ਮਈ ਅਤੇ ਜੂਨ ਮਹੀਨੇ ਚਾਰ ਮੈਚ ਖੇਡੇ ਅਤੇ ਰਿਪੋਰਟ ਅਨੁਸਾਰ ਸਟਿਮਕ ਨੇ ਹਰ ਮੈਚ ਤੋਂ ਪਹਿਲਾਂ ਜੋਤਸ਼ੀ ਨਾਲ ਖਿਡਾਰੀਆਂ ਦੀ ਸੂਚੀ ਸਾਂਝੀ ਕੀਤੀ ਸੀ।