ਨਵੀਂ ਦਿੱਲੀ, 30 ਮਾਰਚ

ਭਾਰਤੀ ਪੁਰਸ਼ ਅਤੇ ਮਹਿਲਾ ਨਿਸ਼ਾਨਚੀਆਂ ਨੇ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ ਟੀਮ ਟਰੈਪ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤ ਕੇ ਆਪਣੀ ਮੁਹਿੰਮ ਸ਼ਾਨਦਾਰ ਢੰਗ ਨਾਲ ਸਮਾਪਤ ਕੀਤੀ। ਪੁਰਸ਼ਾਂ ਦੇ ਟੀਮ ਟਰੈਪ ਮੁਕਾਬਲਿਆਂ ਵਿੱਚ ਭਾਰਤ ਦੇ ਕੇਨਾਨ ਚੇਨਾਈ, ਪ੍ਰਿਥਵੀਰਾਜ ਟੋਂਡਾਈਮਾਨ ਅਤੇ ਲਕਸ਼ੈ ਸ਼ੇਓਰਾਨ ਦੀ ਤਿਕੜੀ ਨੇ ਸਲੋਵਾਕੀਆ ਦੀ ਟੀਮ ਨੂੰ ਹਰਾਇਆ। ਇਸੇ ਤਰ੍ਹਾਂ ਮਹਿਲਾ ਟਰੈਪ ਟੀਮ ਮੁਕਾਬਲੇ ਵਿੱਚ ਸ਼੍ਰੇਅਸੀ ਸਿੰਘ, ਰਾਜੇਸ਼ਵਰੀ ਕੁਮਾਰੀ ਅਤੇ ਮਨੀਸ਼ਾ ਕੀਰ ਦੀ ਭਾਰਤੀ ਤਿਕੜੀ ਨੇ ਫਾਈਨਲ ਮੁਕਾਬਲੇ ਵਿੱਚ ਕਜ਼ਾਖਸਤਾਨ ਦੀ ਟੀਮ ਨੂੰ 6-0 ਨਾਲ ਸ਼ਿਕਸਤ ਦਿੱਤੀ। ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਟੀਮ ਮੁਕਾਬਲੇ ਵਿੱਚ ਭਾਰਤ ਦੇ ਵਿਜੈਵੀਰ ਸਿੱਧੂ, ਗੁਰਪ੍ਰੀਤ ਸਿੰਘ ਤੇ ਆਦਰਸ਼ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਅਮਰੀਕਾ ਦੇ ਕੇਥ ਸੈਂਡਰਸਨ, ਜੈਕ ਹੋਬਸਨ ਲੇਵਰੇਟ ਅਤੇ ਹੈਨਰੀ ਟਰਨਰ ਲੇਵਰੇਟ ਨੇ ਘਰੇਲੂ ਟੀਮ ਨੂੰ 10-2 ਨਾਲ ਹਰਾਇਆ।