ਨਵੀਂ ਦਿੱਲੀ — ਆਸਟਰੇਲੀਆ ਲਈ ਤੀਜੇ ਵਨਡੇ ‘ਚ ਜ਼ਬਰਦਸਤ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਓਪਨਿੰਗ ਬੱਲੇਬਾਜ਼ ਆਰੋਨ ਫਿੰਚ ਨੇ ਕਿਹਾ ਕਿ ਭਾਰਤੀ ਟੀਮ ਇਕ ਅਲਗ ਹੀ ਪੱਧਰ ਦੀ ਟੀਮ ਹੈ ਜਿਸ ਦੇ ਖਿਲਾਫ ਸਿਰਫ 100 ਫੀਸਦੀ ਪ੍ਰਦਰਸ਼ਨ ਕਰਕੇ ਹੀ ਜਿੱਤਿਆ ਜਾ ਸਕਦਾ ਹੈ। ਫਿੰਚ ਨੇ ਆਸਟਰੇਲੀਆਈ ਟੀਮ ‘ਚ ਵਾਪਸੀ ਕਰਦੇ ਹੋਏ ਇੰਦੌਰ ‘ਚ ਹੋਏ ਤੀਜੇ ਵਨਡੇ ‘ਚ 124 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਟੀਮ ਨੂੰ 293 ਦੇ ਵੱਡੇ ਸਕੋਰ ਤੱਕ ਪਹੁੰਚਾਇਆ।
ਹਾਲਾਂਕਿ ਭਾਰਤ ਨੇ ਟੀਚੇ ਦਾ ਪਿੱਛਾ ਆਸਾਨੀ ਨਾਲ ਕਰਦੇ ਹੋਏ ਮੈਚ ਜਿੱਤਿਆ ਅਤੇ 5 ਮੈਚਾਂ ਦੀ ਸੀਰੀਜ਼ ‘ਚ 3-0 ਦੀ ਅਜੇਤੂ ਬੜ੍ਹਤ ਵੀ ਬਣਾ ਲਈ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਮੇਜ਼ਬਾਨ ਟੀਮ ਤੋਂ ਕਾਫੀ ਪ੍ਰਭਾਵਿਤ ਨਜ਼ਰ ਆ ਰਹੇ ਫਿੰਚ ਨੇ ਕ੍ਰਿਕਟ ਆਸਟਰੇਲੀਆ (ਸੀ.ਏ.) ਨੂੰ ਦਿੱਤੇ ਇੰਟਰਵਿਊ ‘ਚ ਕਿਹਾ, ਤੁਹਾਨੂੰ ਚੰਗਾ ਖੇਡਣ ਦੀ ਜ਼ਰੂਰਤ ਹੈ ਪਰ ਨਾਲ ਹੀ ਤੁਹਾਡਾ ਖੇਡ ਦੇ ਪ੍ਰਤੀ ਨਜ਼ਰੀਆ ਵੀ ਸਹੀ ਹੋਣਾ ਚਾਹੀਦਾ ਹੈ ਅਤੇ ਜਦੋਂ ਤੁਹਾਡੇ ਕੋਲ ਮੈਚ ਜਿੱਤਣ ਦਾ ਮੌਕਾ ਹੋਵੇ ਤਾਂ ਉਸ ਨੂੰ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ ਹੈ।
ਸਾਲ 2015 ‘ਚ ਆਸਟਰੇਲੀਆ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਖਿਡਾਰੀ ਰਹੇ ਫਿੰਚ ਪੈਰ ‘ਚ ਸੱਟ ਕਾਰਨ ਪਹਿਲੇ ਦੋਵੇਂ ਮੈਚਾਂ ‘ਚ ਨਹੀਂ ਖੇਡ ਸਕੇ ਸਨ। ਪਰ ਤੀਜੇ ਮੈਚ ‘ਚ ਸੈਂਕੜੇ ਵਾਲੀ ਪਾਰੀ ਦੇ ਨਾਲ ਵਾਪਸੀ ਤਾਂ ਕੀਤੀ ਪਰ ਟੀਮ ਦੇ ਗੇਂਦਬਾਜ਼ ਇਸ ਵੱਡੇ ਸਕੋਰ ਦਾ ਬਚਾਅ ਨਹੀਂ ਕਰ ਸਕੇ। ਇੰਦੌਰ ‘ਚ ਵਨਡੇ ‘ਚ ਹਾਰ ਆਸਟਰੇਲੀਆ ਦੀ ਵਿਦੇਸ਼ੀ ਜ਼ਮੀਨ ‘ਤੇ ਪਿਛਲੇ 13 ਵਨਡੇ ਮੈਚਾਂ ‘ਚੋਂ 11ਵੀਂ ਹਾਰ ਵੀ ਹੈ।