ਭੁਬਨੇਸ਼ਵਰ, 4 ਜੂਨ
ਕੌਮੀ ਹਾਕੀ ਟੀਮ ਵਿੱਚ ਵਾਪਸੀ ਕਰਨ ਵਾਲੇ ਸਟਰਾਈਕਰ ਰਮਨਦੀਪ ਸਿੰਘ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਟੀਮ ਦੀ ਵਰਦੀ ਪਹਿਨਣ ਦੀ ਭੁੱਖ ਨੇ ਉਸ ਨੂੰ ਪ੍ਰੇਰਿਤ ਕੀਤਾ ਅਤੇ ਮਜ਼ਬੂਤ ਬਣਾਈ ਰੱਖਿਆ।
ਰਮਨਦੀਪ ਨੇ ਕਰੀਅਰ ਪ੍ਰਭਾਵਿਤ ਕਰਨ ਵਾਲੀ ਸੱਟ ਤੋਂ ਉਭਰ ਕੇ ਇੱਕ ਸਾਲ ਮਗਰੋਂ ਐਫਆਈਐਚ ਪੁਰਸ਼ ਸੀਰੀਜ਼ ਫਾਈਨਲਜ਼ ਲਈ ਟੀਮ ਵਿੱਚ ਵਾਪਸੀ ਕੀਤੀ ਹੈ। ਬੀਤੇ ਸਾਲ ਜੂਨ ਵਿੱਚ ਪਾਕਿਸਤਾਨ ਖ਼ਿਲਾਫ਼ ਚੈਂਪੀਅਨਜ਼ ਟਰਾਫ਼ੀ ਮੁਕਾਬਲੇ ਵਿੱਚ ਉਸ ਦੇ ਸੱਜੇ ਪੈਰ ਦੇ ਗੋਡੇ ਵਿੱਚ ਸੱਟ ਲੱਗੀ ਸੀ। ਟੂਰਨਾਮੈਂਟ ਵਿੱਚ ਭਾਰਤ ਨੇ ਵੀਰਵਾਰ ਨੂੰ ਪਹਿਲਾ ਮੈਚ ਰੂਸ ਖ਼ਿਲਾਫ਼ ਖੇਡਣਾ ਹੈ ਅਤੇ ਰਮਨਦੀਪ ਇਸ ਮੁਕਾਬਲੇ ਵਿੱਚ 348 ਦਿਨਾਂ ਮਗਰੋਂ ਕੌਮੀ ਟੀਮ ਦੀ ਨਵੀਂ ਜਰਸੀ ਵਿੱਚ ਵਿਖਾਈ ਦੇਵੇਗਾ।
ਰਮਨਦੀਪ ਨੇ ਕਿਹਾ, ‘‘ਭਾਰਤੀ ਟੀਮ ਦੀ ਜਰਸੀ ਪਹਿਨਣ ਦੀ ਭੁੱਖ ਨੇ ਮੈਨੂੰ ਇਸ ਦੌਰਾਨ ਮਜ਼ਬੂਤ ਬਣਾਈ ਰੱਖਿਆ। ਮੈਂ ਇਸ ਸੁਪਨੇ ਨੂੰ ਪੂਰਾ ਕਰਨ ਲਈ ਹਾਰ ਮੰਨਣ ਨੂੰ ਤਿਆਰ ਨਹੀਂ ਸੀ ਅਤੇ ਮੈਚ ਫਿੱਟਨੈਸ ਹਾਸਲ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਸੀ।’’ ਭਾਰਤੀ ਟੀਮ ਨੇ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਦਕਿ ਰਮਨਦੀਪ ਸਿੰਘ ਨੂੰ ਸਰਜਰੀ ਲਈ ਤੁਰੰਤ ਸਵਦੇਸ਼ ਪਰਤਣਾ ਪਿਆ।