ਡਸੇਲਡੋਰਫ, 22 ਅਗਸਤ
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਇੰਗਲੈਂਡ ਖ਼ਿਲਾਫ਼ 4-0 ਨਾਲ ਜਿੱਤ ਦਰਜ ਕੀਤੀ। ਭਾਰਤ ਵੱਲੋਂ ਰਾਜਿੰਦਰ ਸਿੰਘ ਨੇ 13ਵੇਂ ਮਿੰਟ, ਆਮਿਰ ਅਲੀ ਨੇ 33ਵੇਂ ਮਿੰਟ, ਅਮਨਦੀਪ ਲਾਕੜਾ ਨੇ 41ਵੇਂ ਮਿੰਟ ਅਤੇ ਅਰਿਜੀਤ ਸਿੰਘ ਹੁੰਦਲ ਨੇ 58ਵੇਂ ਮਿੰਟ ਵਿੱਚ ਗੋਲ ਦਾਗ਼ਿਆ। ਭਾਰਤੀ ਖਿਡਾਰੀ ਰਾਜਿੰਦਰ ਨੇ 13ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਲੀਡ ਦਿਵਾਈ। ਅੱਧੇ ਸਮੇਂ ਤੱਕ ਭਾਰਤੀ ਟੀਮ 1-0 ਨਾਲ ਅੱਗੇ ਸੀ। ਤੀਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਹੀ ਆਮਿਰ ਅਲੀ ਨੇ ਮੈਦਾਨੀ ਗੋਲ ਕਰਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ ਅਤੇ ਇੰਗਲੈਂਡ ’ਤੇ ਦਬਾਅ ਵਧ ਗਿਆ। ਦੋ ਗੋਲਾਂ ਦੀ ਲੀਡ ਮਗਰੋਂ ਭਾਰਤੀ ਟੀਮ ਨੇ ਮੁੜ ਗੋਲ ਦਾਗ਼ਣ ਲਈ ਜ਼ੋਰ-ਅਜ਼ਮਾਈ ਕੀਤੀ। ਅਮਨਦੀਪ ਨੇ ਤੀਜੇ ਕੁਆਰਟਰ ਦੇ ਆਖ਼ਰੀ ਪਲਾਂ ਦੌਰਾਨ ਪੈਨਲਟੀ ਕਾਰਨਰ ’ਤੇ ਇੱਕ ਹੋਰ ਗੋਲ ਕਰ ਕੇ ਟੀਮ ਨੂੰ 3-0 ਨਾਲ ਅੱਗੇ ਕੀਤਾ। ਅਰਿਜੀਤ ਨੇ ਮੈਚ ਖ਼ਤਮ ਹੋਣ ਤੋਂ ਦੋ ਮਿੰਟ ਪਹਿਲਾਂ ਇੱਕ ਹੋਰ ਗੋਲ ਕਰਕੇ 4-0 ਨਾਲ ਭਾਰਤੀ ਟੀਮ ਦੀ ਜਿੱਤ ਪੱਕੀ ਕੀਤੀ।