ਨਵੀਂ ਦਿੱਲੀ, 19 ਜੁਲਾਈ
ਸਾਬਕਾ ਭਾਰਤੀ ਵਿਕਟਕੀਪਰ ਸਬਾ ਕਰੀਮ ਨੂੰ ਬੀਸੀਸੀਆਈ ਦੇ ਜਨਰਲ ਮੈਨੇਜਰ- ਕ੍ਰਿਕਟ ਅਪ੍ਰੇਸ਼ਨ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਗਿਆ ਹੈ। 52 ਸਾਲਾ ਕਰੀਮ, ਜਿਸ ਨੇ ਭਾਰਤ ਲਈ ਇਕ ਟੈਸਟ ਅਤੇ 34 ਇਕ ਦਿਨਾਂ ਮੈਚ ਖੇਡੇ ਹਨ, ਨੂੰ ਇਸ ਅਹੁਦੇ ਲਈ ਬੀਸੀਸੀਆਈ ਨੇ ਦਸੰਬਰ 2017 ਵਿਚ ਨਿਯੁਕਤ ਕੀਤਾ ਸੀ। ਬੋਰਡ ਨੇ ਇਸ ਮਾਮਲੇ ਵਿਚ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਪਤਾ ਲੱਗਿਆ ਹੈ ਕਿ ਉਹ ਕਰੀਮ ਦੀ ਘਰੇਲੂ ਕ੍ਰਿਕਟ ਲਈ ਯੋਜਨਾ ਤੋਂ ਸੰਤੁਸ਼ਟ ਨਹੀਂ। ਬੀਸੀਸੀਆਈ ਦੇ ਸੂਤਰ ਨੇ ਦੱਸਿਆ, “ਹਾਂ, ਉਸ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਉਹ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਘਰੇਲੂ ਕ੍ਰਿਕਟ ਲਈ ਕੋਈ ਠੋਸ ਯੋਜਨਾ ਨਹੀਂ ਬਣਾ ਸਕਿਆ।”