ਮੀਰਪੁਰ, 20 ਜੁਲਾਈ
ਭਾਰਤੀ ਕੁੜੀਆਂ ਨੇ ਪਹਿਲੇ ਇਕ ਰੋਜ਼ਾ ਮੈਚ ’ਚ ਮਿਲੀ ਨਮੋਸ਼ੀਜਨਕ ਹਾਰ ਦਾ ਬਦਲਾ ਲੈਂਦਿਆਂ ਅੱਜ ਬੰਗਲਾਦੇਸ਼ ਦੀ ਟੀਮ ਨੂੰ 108 ਦੌੜਾਂ ਨਾਲ ਹਰਾ ਦਿੱਤਾ। ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ ਹੈ ਅਤੇ ਹੁਣ ਸ਼ਨਿਚਰਵਾਰ ਨੂੰ ਹੋਣ ਵਾਲੇ ਆਖਰੀ ਮੁਕਾਬਲੇ ’ਚ ਲੜੀ ਦਾ ਫ਼ੈਸਲਾ ਹੋਵੇਗਾ। ਇਥੇ ਸ਼ੇਰ-ਏ ਬੰਗਲਾ ਨੈਸ਼ਨਲ ਸਟੇਡੀਅਮ ’ਚ ਖੇਡੇ ਗਏ ਮੈਚ ’ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਗੁਆ ਕੇ 228 ਦੌੜਾਂ ਬਣਾਈਆਂ ਸਨ। ਦੋ ਬੱਲੇਬਾਜ਼ਾਂ ਜੈਮੀਮਾ ਰੌਡਰਿਗਜ਼ (78 ਗੇਂਦਾਂ ’ਚ 86 ਦੌੜਾਂ) ਅਤੇ ਕਪਤਾਨ ਹਰਮਨਪ੍ਰੀਤ ਕੌਰ (88 ਗੇਂਦਾਂ ’ਚ 52 ਦੌੜਾਂ) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਚੰਗਾ ਸਕੋਰ ਖੜ੍ਹਾ ਕੀਤਾ। ਸਮ੍ਰਿਤੀ ਮੰਧਾਨਾ ਨੇ 36 ਅਤੇ ਹਰਲੀਨ ਦਿਓਲ ਨੇ 25 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲਾਦੇਸ਼ ਦੀ ਸੁਲਤਾਨਾ ਖ਼ਾਤੂਨ ਅਤੇ ਨਾਹਿਦਾ ਅਖ਼ਤਰ ਨੇ ਦੋ-ਦੋ ਵਿਕਟਾਂ ਲਈਆਂ। ਇਸ ਮਗਰੋਂ ਭਾਰਤੀ ਕੁੜੀਆਂ ਨੇ ਮੇਜ਼ਬਾਨ ਬੰਗਲਾਦੇਸ਼ ਦੀ ਟੀਮ ਨੂੰ 35.1 ਓਵਰਾਂ ’ਚ 120 ਦੌੜਾਂ ’ਤੇ ਸਮੇਟ ਦਿੱਤਾ। ਬੰਗਲਾਦੇਸ਼ ਲਈ ਫਰਗਾਨਾ ਹੱਕ ਨੇ 47 ਅਤੇ ਰਿਤੂ ਮੰਡਲ ਨੇ 27 ਦੌੜਾਂ ਬਣਾਈਆਂ। ਭਾਰਤ ਵੱਲੋਂ ਜੈਮੀਮਾ ਨੇ ਆਲ ਰਾਊਂਡ ਪ੍ਰਦਰਸ਼ਨ ਕਰਦਿਆਂ ਤਿੰਨ ਦੌੜਾਂ ਦੇ ਕੇ ਚਾਰ ਵਿਕਟਾਂ ਵੀ ਲਈਆਂ।