ਨਵੀਂ ਦਿੱਲੀ, ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਨੇ ਓਲੰਪਿਕ ਤਗ਼ਮਾ ਜੇਤੂ ਸਾਕਸ਼ੀ ਮਲਿਕ ਸਣੇ ਤਿੰਨ ਪਹਿਲਵਾਨਾਂ ਨੂੰ ਬਿਨਾਂ ਮਨਜ਼ੂਰੀ ਕੌਮੀ ਕੈਂਪ ਛੱਡ ਕੇ ਜਾਣ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਦਕਿ ਇਨ੍ਹਾਂ ਤਿੰਨਾਂ ਸਣੇ ਇਸੇ ਦੋਸ਼ ਵਿੱਚ ਕੈਂਪ ਵਿੱਚ ਸ਼ਾਮਲ 25 ਮਹਿਲਾ ਪਹਿਲਵਾਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਲਖਨਊ ਵਿੱਚ ਸਥਿਤ ਸਾਈ ਕੇਂਦਰ ਵਿੱਚ ਕੈਂਪ ’ਚ 45 ਵਿੱਚੋਂ 25 ਮਹਿਲਾ ਪਹਿਲਵਾਨ ਕੌਮੀ ਫੈਡਰੇਸ਼ਨ ਦੀ ਮਨਜ਼ੂਰੀ ਲਏ ਬਿਨਾਂ ਕੈਂਪ ’ਚੋਂ ਗੈਰ-ਮੌਜੂਦ ਸਨ। ਇਨ੍ਹਾਂ 25 ਪਹਿਲਵਾਨਾਂ ਵਿੱਚ ਸਾਕਸ਼ੀ (62 ਕਿਲੋ), ਸੀਮਾ ਬਿਸਲਾ (50 ਕਿਲੋ) ਅਤੇ ਕਿਰਨ (76 ਕਿਲੋ) ਨੇ ਹਾਲ ਹੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਇਨ੍ਹਾਂ ਤਿੰਨਾਂ ਖਿਡਾਰਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬੁੱਧਵਾਰ ਤੱਕ ਜਵਾਬ ਦੇਣਾ ਹੋਵੇਗਾ। ਇਨ੍ਹਾਂ ਤੋਂ ਇਲਾਵਾ ਬਾਕੀ ਸਭ ਪਹਿਲਵਾਨਾਂ ਨੂੰ ਅਗਲੇ ਹੁਕਮਾਂ ਤੱਕ ਕੌਮੀ ਕੈਂਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਅੱਜ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਗ਼ੈਰ-ਓਲੰਪਿਕ ਸ਼੍ਰੇਣੀ ਦੇ ਟਰਾਇਲ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ।
ਡਬਲਯੂਐੱਫਆਈ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੇ ਕਿਹਾ ਕਿ ਭਾਰਤੀ ਦਲ ਜਦੋਂ ਤਿਆਰੀ ਟੂਰਨਾਮੈਂਟ ਲਈ ਬੇਲਾਰੂਸ ਅਤੇ ਐਸਟੋਨੀਆ ਰਵਾਨਾ ਹੋਇਆ ਤਾਂ ਬਾਕੀ ਬਚੇ ਪਹਿਲਵਾਨ ਬਿਨਾਂ ਮਨਜ਼ੂਰੀ ਲਏ ਹੀ ਕੈਂਪ ਵਿੱਚੋਂ ਚਲੇ ਗਏ। ਤੋਮਰ ਨੇ ਕਿਹਾ, ‘‘ਅਸੀਂ ਸਾਕਸ਼ੀ, ਸੀਮਾ ਅਤੇ ਕਿਰਨ ਤੋਂ ਕਾਰਨ ਦੱਸੋ ਨੋਟਿਸ ਦਾ ਜਵਾਬ ਮੰਗਿਆ ਹੈ। ਉਨ੍ਹਾਂ ਕੋਲ ਬੁੱਧਵਾਰ ਤੱਕ ਦਾ ਸਮਾਂ ਹੈ। ਬਾਕੀਆਂ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਕੈਂਪ ਵਿੱਚ ਮੁੜ ਬੁਲਾਉਣ ਬਾਰੇ ਅਸੀਂ ਬਾਅਦ ਵਿੱਚ ਫ਼ੈਸਲਾ ਕਰਾਂਗੇ।’’ ਉਨ੍ਹਾਂ ਕਿਹਾ, ‘‘ਜੂਨੀਅਰ ਅਤੇ ਬਾਕੀ ਬਚੇ ਪਹਿਲਵਾਨਾਂ ਨਾਲ ਕੈਂਪ ਹੁਣ ਵੀ ਜਾਰੀ ਹੈ। ਕਾਰਵਾਈ ਹੋਣ ਮਗਰੋਂ ਮੁਅੱਤਲ ਪਹਿਲਵਾਨ ਬਹਾਨੇ ਬਣਾ ਰਹੀਆਂ ਹਨ। ਕੋਈ ਕਹਿ ਰਿਹਾ ਹੈ ਕਿ ਉਨ੍ਹਾਂ ਦੀ ਮਾਂ ਬਿਮਾਰ ਹੈ, ਕੋਈ ਕਹਿ ਰਿਹਾ ਕਿ ਉਨ੍ਹਾਂ ਨੇ ਕਿਸੇ ਹੋਰ ਨੂੰ ਦੱਸਿਆ ਸੀ। ਇਹ ਬਰਦਾਸ਼ਤਯੋਗ ਨਹੀਂ।’’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਡਬਲਯੂਐੱਫਆਈ ਸਾਕਸ਼ੀ, ਸੀਮਾ ਅਤੇ ਕਿਰਨ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਤੋਂ ਰੋਕੇਗਾ ਤਾਂ ਉਨ੍ਹਾਂ ਕਿਹਾ, ‘‘ਮੈਂ ਅਜੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦੇ ਸਕਦਾ। ਫੈਡਰੇਸ਼ਨ ਇਸ ਬਾਰੇ ਫ਼ੈਸਲਾ ਕਰੇਗੀ।’’ ਡਬਲਯੂਐੱਫਆਈ ਦੇ ਸੂਤਰਾਂ ਨੇ ਹਾਲਾਂਕਿ ਦੱਸਿਆ ਕਿ ਤਿੰਨਾਂ ਪਹਿਲਵਾਨਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ। ਡਬਲਯੂਐੱਫਆਈ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿਰਫ਼ ਗੰਭੀਰ ਪਹਿਲਵਾਨ ਹੀ ਕੈਂਪ ਵਿੱਚ ਹਿੱਸਾ ਲੈਣ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਡਬਲਯੂਐੱਫਆਈ ਨੇ ਟਰਾਇਲ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਨ੍ਹਾਂ ਨੇ ਫੈਡਰੇਸ਼ਨ ਦਾ ਬਚਾਅ ਕੀਤਾ। ਯੂਨਾਈਟਿਡ ਵਿਸ਼ਵ ਕੁਸ਼ਤੀ ਫੈਡਰੇਸ਼ਨ (ਯੂਡਬਲਯੂਡਬਲਯੂਐੱਫ) ਨੇ ਵਿਸ਼ਵ ਚੈਂਪੀਅਨਸ਼ਿਪ ਲਈ ਨਾਮ ਭੇਜਣ ਦੀ ਆਖ਼ਰੀ ਤਰੀਕ 15 ਅਗਸਤ ਰੱਖੀ ਸੀ ਅਤੇ ਟਰਾਇਲ ਹੁਣ ਹੋ ਰਹੇ ਹਨ। ਗ਼ੈਰ-ਓਲੰਪਿਕ ਵਰਗ ਵਿੱਚ ਮਹਿਲਾਵਾਂ ਦੇ ਟਰਾਇਲ ਸੋਮਵਾਰ ਨੂੰ ਲਖਨਊ ਵਿੱਚ ਹੋਏ, ਜਦਕਿ ਪੁਰਸ਼ ਪਹਿਲਵਾਨਾਂ ਦੇ ਟਰਾਇਲ ਮੰਗਲਵਾਰ ਨੂੰ ਦਿੱਲੀ ਵਿੱਚ ਹੋਣਗੇ। ਪੁਰਸ਼ਾਂ ਦੇ ਟਰਾਇਲ ਵਿੱਚ ਗ਼ੈਰ-ਓਲੰਪਿਕ ਦੇ ਨਾਲ 74 ਕਿਲੋ ਦਾ ਵੀ ਟਰਾਇਲ ਹੋਵੇਗਾ, ਜੋ ਓਲੰਪਿਕ ਵਰਗ ਹੈ ਅਤੇ ਉਸ ਵਿੱਚ ਸੁਸ਼ੀਲ ਕੁਮਾਰ ਨੇ ਹਿੱਸਾ ਲੈਣਾ ਹੈ।
ਉਨ੍ਹਾਂ ਕਿਹਾ, ‘‘ਅਸੀਂ ਪਹਿਲਵਾਨਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਲਈ ਐਸਟੋਨੀਆ ਅਤੇ ਬੇਲਾਰੂਸ ਭੇਜਿਆ ਹੈ। ਜੂਨੀਅਰ ਪਹਿਲਵਾਨ ਵੀ ਇਸ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ, ਇਸ ਲਈ ਅਸੀਂ ਉਨ੍ਹਾਂ ਦੇ ਆਉਣ ਮਗਰੋਂ ਇਸ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ।’’ ਕੌਮੀ ਕੈਂਪ ਵਿੱਚੋਂ ਬਾਹਰ ਹੋਏ ਪਹਿਲਵਾਨਾਂ ਵਿੱਚ 50 ਕਿਲੋ ਭਾਰ ਵਰਗ ਵਿੱਚ ਇੰਦੂ ਚੌਧਰੀ, ਪ੍ਰੀਤੀ, ਸ਼ੀਤਲ ਤੋਮਰ ਅਤੇ 53 ਕਿਲੋ ਵਿੱਚ ਸੀਮਾ, ਕੀਮਤੀ, ਰਮਨ ਯਾਦਵ, ਪਿੰਕੀ (55 ਕਿਲੋ), ਪਿੰਕੀ ਰਾਣੀ (57 ਕਿਲੋ), 59 ਕਿਲੋ ਵਿੱਚ ਮੰਜੂ, ਅੰਕਿਤਾ, ਰਾਣੀ ਰਾਣਾ, 62 ਕਿਲੋ ਵਿੱਚ ਸਾਕਸ਼ੀ ਮਲਿਕ, ਰਚਨਾ, ਪੂਜਾ, 65 ਕਿਲੋ ਵਿੱਚ ਅਨੀਤਾ, ਗਾਰਗੀ ਯਾਦਵ, ਰਿਤੂ ਮਲਿਕ, 68 ਕਿਲੋ ਵਿੱਚ ਰਜਨੀ, ਨੈਨਾ, ਕਵਿਤਾ ਅਤੇ 76 ਕਿੱਲੋ ਵਿੱਚ ਕਿਰਨ, ਜੋਤੀ, ਸੁਦੇਸ਼, ਪੂਜਾ, ਰਾਣੀ ਸ਼ਾਮਲ ਹਨ।