ਨਵੀਂ ਦਿੱਲੀ, 23 ਨਵੰਬਰ
ਭਾਰਤੀ ਅਥਲੈਟਿਕਸ ਫੈਡਰੇਸ਼ਨ (ਏਐੱਫਆਈ) ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਵੋਲਕਰ ਹਰਮਨ ਨੇ ਆਪਣੇ ਅਹੁਦੇ ਤੋਂ ਇਹ ਕਹਿੰਦਿਆਂ ਅਸਤੀਫ਼ਾ ਦੇ ਦਿੱਤਾ ਕਿ ਉਹ ਇਸ ਅਹੁਦੇ ’ਤੇ ਰਹਿੰਦਿਆਂ ਆਪਣੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਦਾ। ਏਐੱਫਆਈ ਦੇ ਇੱਕ ਸੂਤਰ ਨੇ ਪੁਸ਼ਟੀ ਕੀਤੀ ਕਿ ਹਰਮਨ ਨੇ ਕੁੱਝ ਹਫ਼ਤੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ, ਪਰ ਉਨ੍ਹਾਂ ਕੋਈ ਵਿਸ਼ੇਸ਼ ਕਾਰਨ ਨਹੀਂ ਦੱਸਿਆ। ਹਾਲਾਂਕਿ ਖੇਡ ਮੰਤਰਾਲੇ ਨੇ ਉਨ੍ਹਾਂ ਦਾ ਇਕਰਾਰ 2024 ਓਲੰਪਿਕ ਦੇ ਅਖ਼ੀਰ ਤੱਕ ਵਧਾ ਦਿੱਤਾ ਸੀ। ਹਰਮਨ ਨੂੰ ਜੂਨ 2019 ਵਿੱਚ ਟੋਕੀਓ ਓਲੰਪਿਕ-2021 ਦੇ ਅਖ਼ੀਰ ਤੱਕ ਨਿਯੁਕਤ ਕੀਤਾ ਗਿਆ ਸੀ। ਸਤੰਬਰ ਮਹੀਨੇ ਮੰਤਰਾਲੇ ਨੇ ਉਸ ਦਾ ਇਕਰਾਰ ਓਲੰਪਿਕ-2024 ਦੇ ਅਖ਼ੀਰ ਤੱਕ ਵਧਾ ਦਿੱਤਾ ਸੀ। ਏਐੱਫਆਈ ਸੂਤਰਾਂ ਨੇ ਦੱਸਿਆ ਕਿ ਹਰਮਨ ਨੇ ਨਵੇਂ ਸਮਝੌਤੇ ’ਤੇ ਦਸਤਖ਼ਤ ਨਹੀਂ ਕੀਤੇ ਸਨ।
ਹਰਮਨ ਨੇ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ, ‘‘ਭਾਰਤ ਵਿੱਚ ਡੇਢ ਸਾਲ ਮਗਰੋਂ ਉਹ ਦਿਨ ਆ ਗਿਆ ਜਦੋਂ ਮੈਂ ਏਐੱਫਆਈ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਦੀ ਭੂਮਿਕਾ ਨਾਲ ਖ਼ੁਦ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਦਾ। ਇਸ ਲਈ ਮੈਂ ਤਿੰਨ ਹਫ਼ਤੇ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।’’ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਥਲੈਟਿਕਸ ਦਾ ਭਵਿੱਖ ਸ਼ਾਨਦਾਰ ਹੈ। ਏਐੱਫਆਈ ਦੇ ਸੂਤਰ ਨੇ ਕਿਹਾ ਕਿ ਫੈਡਰੇਸ਼ਨ ਨੇ ਹਰਮਨ ਨੂੰ ਮਨਾਉਣ ਦਾ ਯਤਨ ਕੀਤਾ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਏਐੱਫਆਈ ਦੇ ਪ੍ਰਧਾਨ ਆਦਿਲ ਸੁਮਰੀਵਾਲਾ ਨੇ ਬਾਅਦ ਵਿੱਚ ਕਿਹਾ ਕਿ ਹਰਮਨ ਨੇ ਭਵਿੱਖ ਵਿੱਚ ਇੱਕ ਸਲਾਹਕਾਰ ਵਜੋਂ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲਾ ਹਰਮਨ ਦੂਜਾ ਵਿਅਕਤੀ ਹੈ। ਰੀਓ ਓਲੰਪਿਕ ਤੋਂ ਪਹਿਲਾਂ ਅਮਰੀਕਾ ਦੇ ਡੈਰੇਕ ਬੂਸੀ ਅਕਤੂਬਰ 2015 ਵਿੱਚ ਹਾਈ ਪਰਫਾਰਮੈਂਸ ਨਿਰਦੇਸ਼ਕ ਬਣੇ ਸਨ, ਪਰ ਉਸ ਨੇ ਸੱਤ ਮਹੀਨਿਆਂ ਮਗਰੋਂ ਹੀ ਅਸਤੀਫ਼ਾ ਦੇ ਦਿੱਤਾ ਸੀ।