ਕੈਥਲ (ਹਰਿਆਣਾ), 26 ਸਤੰਬਰ

ਇੱਥੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ 110ਵੇਂ ਜਨਮ ਦਿਹਾੜੇ ਮੌਕੇ ਕਰਵਾਏ ਸਮਾਗਮ ’ਚ ਇੰਡੀਆ ਬਲਾਕ ਦੇ ਕਈ ਆਗੂਆਂ ਨੇ ਭਾਜਪਾ ਖ਼ਿਲਾਫ਼ ਸਾਂਝੀ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਕਰਵਾਈ ਇਸ ਰੈਲੀ ਵਿੱਚ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਿਰਕਤ ਕੀਤੀ। ਪਹਿਲਾਂ ਅਜਿਹੀਆਂ ਕਿਆਸ-ਅਰਾਈਆਂ ਸਨ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਤੇ ਸੀਪੀਐੱਮ ਆਗੂ ਸੀਤਾਰਾਮ ਯੇਚੁਰੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ ਤੇ ਇੱਥੋਂ ਤੱਕ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਭੈ ਚੌਟਾਲਾ ਨੇ ਮਲਿਕਾਰੁਜਨ ਨੂੰ ਵੀ ਇਸ ਰੈਲੀ ’ਚ ਪੁੱਜਣ ਦਾ ਸੱਦਾ ਦਿੱਤਾ ਸੀ ਪਰ ਉਹ ਇੱਥੇ ਨਹੀਂ ਪੁੱਜੇ।

ਰੈਲੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਟੀਐੱਮਸੀ ਆਗੂ ਡੈਰੇਕ ਓ’ਬਰਾਇਨ, ਜੇਡੀ (ਯੂ) ਆਗੂ ਕੇ ਸੀ ਤਿਆਗੀ, ਭੀਮ ਆਰਮੀ ਤੋਂ ਚੰਦਰਸ਼ੇਖਰ ਆਜ਼ਾਦ, ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਤੇ ਰਾਸ਼ਟਰੀ ਲੋਕ ਦਲ ਤੋਂ ਐੱਸ ਸਿੱਦਿਕੀ, ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਲਵਿੰਦਰ ਸਿੰਘ ਭੂੰਦੜ ਸ਼ਾਮਲ ਸਨ। ਇਸ ਸਮਾਗਮ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਸੀ, ਜੋ ਸਾਲ 2005 ਤੋਂ ਸੱਤਾ ਤੋਂ ਬਾਹਰ ਰਿਹਾ ਹੈ। ਰੈਲੀ ਮੌਕੇ ਨੈਸ਼ਨਲ ਕਾਨਫਰੰਸ ਦੇ ਆਗੂ ਸ੍ਰੀ ਅਬਦੁੱਲਾ ਨੇ ਮੁਲਕ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਤਭੇਦ ਭੁਲਾ ਕੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ। ਤ੍ਰਿਣਮੂਲ ਕਾਂਗਰਸ ਦੇ ਆਗੂ ਐੱਮਪੀ ਸ੍ਰੀ ਬਰਾਇਨ ਨੇ ਵੀ ਹੱਥ ਮਿਲਾਉਣ ਤੇ ਕੇਂਦਰ ’ਚੋਂ ਭਾਜਪਾ ਨੂੰ ਲਾਂਭੇ ਕਰਨ ਲਈ ਇਕੱਠਿਆਂ ਲੜਨ ਦਾ ਸੱਦਾ ਦਿੱਤਾ।