ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਵਕਫ਼ ਸੋਧ ਬਿੱਲ ਨੂੰ ਵੀਰਵਾਰ ਨੂੰ ਲੋਕ ਸਭਾ ਨੇ ਪਾਸ ਕਰ ਦਿੱਤਾ ਹੈ। ਬੁੱਧਵਾਰ ਨੂੰ ਦਿਨ ਭਰ ਇਸ ਬਿੱਲ ‘ਤੇ ਬਹਿਸ ਹੋਈ ਅਤੇ ਵੀਰਵਾਰ ਨੂੰ ਅੱਧੀ ਰਾਤ ਨੂੰ ਵੋਟਿੰਗ ਹੋਈ। ਬਿੱਲ ਦੇ ਹੱਕ ਵਿੱਚ 288 ਅਤੇ ਬਿੱਲ ਦੇ ਵਿਰੋਧ ਵਿੱਚ 232 ਵੋਟਾਂ ਪਈਆਂ। ਇਸ ਦੇ ਨਾਲ ਹੀ ਵਕਫ਼ ਸੋਧ ਬਿੱਲ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ। ਸੱਤਾਧਾਰੀ ਧਿਰ ਜਿੱਥੇ ਇਸ ਬਿੱਲ ਨੂੰ ਘੱਟ ਗਿਣਤੀਆਂ ਲਈ ਲਾਹੇਵੰਦ ਦੱਸ ਰਹੀ ਹੈ, ਉਥੇ ਵਿਰੋਧੀ ਪਾਰਟੀਆਂ ਇਸ ਬਿੱਲ ਦੀ ਸਖ਼ਤ ਆਲੋਚਨਾ ਕਰ ਰਹੀਆਂ ਹਨ। ਇਸ ਸਭ ਦੇ ਵਿਚਕਾਰ ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਮਮਤਾ ਬੈਨਰਜੀ ਨੇ ਕਿਹਾ ਹੈ ਕਿ ਭਾਜਪਾ ਨੇ ਦੇਸ਼ ਨੂੰ ਵੰਡਣ ਲਈ ਵਕਫ਼ (ਸੋਧ) ਬਿੱਲ ਲਿਆਂਦਾ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, “ਜਦੋਂ ਮੌਜੂਦਾ ਸਰਕਾਰ ਨੂੰ ਹਟਾ ਕੇ ਨਵੀਂ ਸਰਕਾਰ ਬਣੇਗੀ ਤਾਂ ਅਸੀਂ ਭਾਜਪਾ ਵੱਲੋਂ ਲਿਆਂਦੇ ਇਸ ਵਕਫ਼ ਬਿੱਲ ਨੂੰ ਬੇਅਸਰ ਕਰਨ ਲਈ ਨਵਾਂ ਸੋਧ ਲਿਆਵਾਂਗੇ।ਭਾਜਪਾ ਦੇਸ਼ ਨੂੰ ਵੰਡਣ ਲਈ ਇਹ ਵਕਫ਼ ਬਿੱਲ ਲੈ ਕੇ ਆਈ ਹੈ। ਇਸ ਤੋਂ ਪਹਿਲਾਂ ਇੱਕ ਬਿਆਨ ਵਿੱਚ ਸੀਐਮ ਮਮਤਾ ਬੈਨਰਜੀ ਨੇ ਵੀ ਬੀਜੇਪੀ ਉੱਤੇ ਵੰਡ ਪਾਊ ਏਜੰਡਾ ਲਾਗੂ ਕਰਨ ਦਾ ਦੋਸ਼ ਲਗਾਇਆ ਸੀ ਅਤੇ ਪਾਰਟੀ ਦੀ ਆਲੋਚਨਾ ਕੀਤੀ ਸੀ। ਮਮਤਾ ਨੇ ਕਿਹਾ ਸੀ, ”ਮੇਰੇ ਸੰਸਦ ਮੈਂਬਰ ਵਕਫ਼ ਮੁੱਦੇ ‘ਤੇ ਬੋਲਣ ਲਈ ਦਿੱਲੀ ‘ਚ ਮੌਜੂਦ ਹਨ।

ਸੱਤਾਧਾਰੀ ਐਨਡੀਏ ਦੇ ਨੇਤਾਵਾਂ ਨੇ ਵਕਫ਼ ਸੋਧ ਬਿੱਲ ਦਾ ਜ਼ੋਰਦਾਰ ਬਚਾਅ ਕੀਤਾ ਅਤੇ ਇਸ ਨੂੰ ਘੱਟ ਗਿਣਤੀਆਂ ਲਈ ਲਾਹੇਵੰਦ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੇ ਇਸ ਬਿੱਲ ਦੀ ਨਿੰਦਾ ਕਰਦਿਆਂ ਵਕਫ਼ ਸੋਧ ਬਿੱਲ ਨੂੰ ਮੁਸਲਿਮ ਵਿਰੋਧੀ ਕਰਾਰ ਦਿੱਤਾ ਹੈ।