ਨਵੀਂ ਦਿੱਲੀ, 28 ਜੁਲਾਈ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਸਿਰਫ ਸੱਤਾ ਹੀ ਚਾਹੁੰਦੇ ਹਨ ਤੇ ਦੇਸ਼ ’ਚ ਵੰਡੀਆਂ ਪਾਉਣ ਦਾ ਕੰਮ ਕਰ ਹਨ। ਦੋਵੇਂ ਧਿਰਾਂ ਨੂੰ ਲੋਕਾਂ ਦੇ ਦੁੱਖ ਤੇ ਤਕਲੀਫਾਂ ਦੀ ਪ੍ਰਵਾਹ ਨਹੀਂ ਹੈ। ਉਨ੍ਹਾਂ ਨੇ ਯੂਥ ਕਾਂਗਰਸ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ, ‘‘ਭਾਜਪਾ-ਆਰਐੱਸਐੱਸ ਸਿਰਫ ਸੱਤਾ ਚਾਹੁੰਦੇ ਹਨ ਤੇ ਸੱਤਾ ਵਿੱਚ ਆਉਣ ਲਈ ਕੁਝ ਵੀ ਕਰ ਸਕਦੇ ਹਨ। ਸੱਤਾ ਲਈ ਉਹ ਮਨੀਪੁਰ ਅਤੇ ਪੂਰੇ ਦੇਸ਼ ਨੂੰ ਸਾੜ ਸਕਦੇ ਹਨ।’’ ਉਨ੍ਹਾਂ ਕਿਹਾ ਭਾਵੇਂ ਹਰਿਆਣਾ, ਪੰਜਾਬ ਜਾਂ ਉੱਤਰ ਪ੍ਰਦੇਸ਼ ਹੋਵੇ, ਉਹ (ਭਾਜਪਾ-ਆਰਐੱਸਐੱਸ) ਸੱਤਾ ਦੀ ਚਾਹਤ ’ਚ ਪੂਰੇ ਦੇਸ਼ ਨੂੰ ਵੇਚ ਸਕਦੇ ਹਨ। ਸ੍ਰੀ ਗਾਂਧੀ ਨੇ ਭਾਰਤੀ ਯੂਥ ਕਾਂਗਰਸੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਤੁਹਾਡੇ ਦਿਲਾਂ ’ਚ ਦੇਸ਼ ਲਈ ਪਿਆਰ ਹੈ। ਜਦੋਂ ਵੀ ਦੇਸ਼ ਜਾਂ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਤੁਸੀ ਵੀ ਉਦਾਸ ਹੋ ਜਾਂਦੇ ਹੋ ਪਰ ਭਾਜਪਾ-ਆਰਐੱਸਐੱਸ ਨਾਲ ਜੁੜੇ ਲੋਕਾਂ ਦੇ ਮਨਾਂ ’ਚ ਕਦੇ ਦਰਦ ਨਹੀਂ ਉੱਠਦਾ ਕਿਉਂਕਿ ਉਹ ਦੇਸ਼ ’ਚ ਵੰਡੀਆਂ ਪਾਉਣ ਦਾ ਕੰਮ ਕਰਦੇ ਹਨ। ਇਸ ਮੌਕੇ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੇ ਭਾਸ਼ਣ ਦੇ ਕੁਝ ਹਿੱਸੇ ਸ਼ੋਸ਼ਲ ਮੀਡੀਆ ’ਤੇ ਵੀ ਨਸ਼ਰ ਕੀਤੇ।
ਕਾਬਿਲੇਗੌਰ ਹੈ ਕਿ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਮੰਗ ਕਰ ਰਹੀਆਂ ਹਨ ਕਿ ਜਾਤੀ ਹਿੰਸਾ ਦਾ ਸਾਹਮਣਾ ਕਰ ਰਹੇ ਮਨੀਪੁਰ ਦੇ ਹਾਲਾਤ ਬਾਰੇ ਪ੍ਰਧਾਨ ਮੰਤਰੀ ਟਿੱਪਣੀ ਕਰਨ ਤੇ ਸੰਸਦ ਵਿੱਚ ਇਸ ਮੁੱਦੇ ’ਤੇ ਭੱਖਵੀਂ ਬਹਿਸ ਹੋਵੇ।