ਪਣਜੀ, 28 ਅਕਤੂਬਰ

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਭਾਰਤ ਦੀ ਰਾਜਨੀਤੀ ਦੇ ਕੇਂਦਰ ਵਿੱਚ ਰਹੇਗੀ ਤੇ ਆਉਣ ਵਾਲੇ ਕਈ ਦਹਾਕਿਆਂ ਤੱਕ ਇਹ ਪਾਰਟੀ ਕਿਤੇ ਜਾਣ ਵਾਲੀ ਨਹੀਂ ਹੈ। ਗੋਆ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਲਈ ਰਣਨੀਤੀ ਬਣਾ ਰਹੇ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਉਸ ਬਿਆਨ ’ਤੇ ਤਨਜ਼ ਕੱਸਿਆ ਕਿ ਛੇਤੀ ਹੀ ਲੋਕ ਕਾਂਗਰਸ ਨੂੰ ਉਖਾੜ ਸੁੱਟਣਗੇ। ਜ਼ਿਕਰਯੋਗ ਹੈ ਕਿ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਪ੍ਰਸ਼ਾਂਤ ਕਿਸ਼ੋਰ ਇਕ ਪ੍ਰਾਈਵੇਟ ਮੀਟਿੰਗ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ। ਇੰਡੀਅਨ ਪੋਲੀਟੀਕਲ ਐਕਸ਼ਨ ਕਮੇਟੀ ਦੇ ਇਕ ਸੀਨੀਅਰ ਆਗੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਵੀਡੀਓ ਬੁੱਧਵਾਰ ਨੂੰ ਹੋਈ ਨਿੱਜੀ ਮੀਟਿੰਗ ਦੀ ਹੈ। ਇਸ ਵੀਡੀਓ ਵਿੱਚ ਪ੍ਰਸ਼ਤ ਕਿਸ਼ੋਰ ਕਹਿੰਦੇ ਨਜ਼ਰ ਆ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਭਾਵੇਂ ਜਿੱਤੇ ਜਾਂ ਹਾਰੇ, ਉਹ ਰਾਜਨੀਤੀ ਦੇ ਕੇਂਦਰ ਵਿੱਚ ਹੀ ਰਹੇਗੀ। ਉਨ੍ਹਾਂ ਕਿਹਾ ਕਿ ਲੋਕ ਭਾਵੇਂ ਪ੍ਰਧਾਨ ਮੰਤਰੀ ਮੋਦੀ ਤੋਂ ਨਾਰਾਜ਼ ਹਨ ਤੇ ਉਨ੍ਹਾਂ ਨੂੰ ਸੱਤਾ ਤੋਂ ਲਾਭੇਂ ਵੀ ਕਰ ਦੇਣਗੇ ਪਰ ਭਾਜਪਾ ਕਿਤੇ ਨਹੀਂ ਜਾਏਗੀ।