ਚੰਡੀਗੜ੍ਹ:ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਦੀ ਮੇਅਰ ਬਣ ਗਈ ਹੈ। ਹਰਪ੍ਰੀਤ ਬਬਲਾ ਨੇ ‘ਆਪ’ ਅਤੇ ਕਾਂਗਰਸ ਦੀ ਉਮੀਦਵਾਰ ਪ੍ਰੇਮ ਲਤਾ ਨੂੰ 2 ਵੋਟਾਂ ਨਾਲ ਹਰਾਇਆ ਹੈ। ‘ਆਪ’ ਅਤੇ ਕਾਂਗਰਸ ਕੋਲ ਬਹੁਮਤ ਹੋਣ ਦੇ ਬਾਵਜੂਦ ਪ੍ਰੇਮ ਲਤਾ ਮੇਅਰ ਨਹੀਂ ਬਣ ਸਕੀ। ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਨੂੰ 16 ਕੌਂਸਲਰਾਂ ਦਾ ਸਮਰਥਨ ਹਾਸਿਲ ਸੀ। ਦੂਜੇ ਪਾਸੇ ‘ਆਪ’ ਅਤੇ ਕਾਂਗਰਸ ਕੋਲ 13 ਅਤੇ 6 ਕੌਂਸਲਰਾਂ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ 20 ਵੋਟਾਂ ਸਨ। ਪਰ ‘ਆਪ’-ਕਾਂਗਰਸ ਦੇ ਗਠਜੋੜ ਕਾਰਨ ਤਿੰਨ ਕਰਾਸ ਵੋਟਿੰਗ ਹੋਈ। ਜਿਸ ਕਾਰਨ ਭਾਜਪਾ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬ ਹੋਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਇਸ ਚੋਣ ਦੀ ਵੀਡੀਓਗ੍ਰਾਫੀ ਹੋਈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਜੈਸ਼੍ਰੀ ਠਾਕੁਰ ਇਥੇ ਨਿਗਰਾਨ ਵਜੋਂ ਹਾਜ਼ਰ ਰਹੇ।
ਮੇਅਰ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਵੋਟਿੰਗ ਹੋ ਰਹੀ ਹੈ। ਇਸ ਹਾਰ ਕਾਰਨ ਦਿੱਲੀ ਵਿੱਚ ਆਪਸ ਵਿੱਚ ਲੜ ਰਹੀਆਂ ਕਾਂਗਰਸ ਅਤੇ ‘ਆਪ’ ਵਿਚਾਲੇ ਸਿਆਸੀ ਟਕਰਾਅ ਹੋਰ ਤੇਜ਼ ਹੋ ਸਕਦਾ ਹੈ।ਹਾਲਾਂਕਿ ਭਾਜਪਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਵਿਕਾਸ ਨਾ ਹੋਣ ਕਾਰਨ ਕੌਂਸਲਰਾਂ ਨੇ ਆਪਣੀ ਜ਼ਮੀਰ ਦੀ ਗੱਲ ਸੁਣ ਕੇ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ।