ਚੰਡੀਗੜ੍ਹ, ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ 9 ਜਨਵਰੀ ਨੂੰ ਹੋ ਰਹੀ ਚੋਣ ਲਈ ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦਾ ਫ਼ੈਸਲਾ 2 ਜਨਵਰੀ ਨੂੰ ਹੋ ਰਹੀ ਕੋਰ ਗਰੁੱਪ ਦੀ ਮੀਟਿੰਗ ਵਿਚ ਲਿਆ ਜਾਵੇਗਾ। ਇਸ ਚੋਣ ਲਈ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਅਤੇ ਸੰਸਦ ਮੈਂਬਰ ਕਿਰਨ ਖੇਰ ਅਤੇ ਸਾਬਕਾ ਸੰਸਦ ਮੈਂਬਰ ਸੱਤਪਾਲ ਜੈਨ ਦੇ ਧੜਿਆਂ ਵਿਚਕਾਰ ਖੂਬ ਜ਼ੋਰ-ਅਜ਼ਮਾਈ ਚੱਲ ਰਹੀ ਹੈ।
ਟੰਡਨ ਦਾ ਧੜਾ ਦੂਜੀ ਵਾਰ ਅਰੁਣ ਸੂਦ ਨੂੰ ਮੇਅਰ ਬਣਾਉਣ ਲਈ ਯਤਨਸ਼ੀਲ ਹੈ ਜਦਕਿ ਕਿਰਨ-ਜੈਨ ਧੜਾ ਐਡਵੋਕੇਟ ਦੇਵੇਸ਼ ਮੋਦਗਿਲ ਲਈ ਜ਼ੋਰ ਲਾ ਰਿਹਾ ਹੈ। ਤਿੰਨ ਵਾਰ ਕੌਂਸਲਰ ਬਣੇ ਸੀਨੀਅਰ ਡਿਪਟੀ ਮੇਅਰ ਰਾਜੇਸ਼ ਗੁਪਤਾ ਵੀ ਮੇਅਰ ਵਜੋਂ ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਚਰਚਾ ਹੈ ਕਿ ਦੋ ਧਿਰਾਂ ਦੀ ਲੜਾਈ ਦੌਰਾਨ ਸ੍ਰੀ ਗੁਪਤਾ ਦਾ ਦਾਅ ਲੱਗ ਸਕਦਾ ਹੈ। ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਉਮੀਦਵਾਰ ਚੋਣ ਪ੍ਰਕਿਰਿਆ ਤੋਂ ਬਾਹਰ ਕੀਤੇ ਜਾਣ ਦੀ ਸੂਹ ਲੱਗੀ ਹੈ। ਭਾਵੇਂ ਉਹ ਕੋਰ ਗਰੁੱਪ ਦੇ ਮੈਂਬਰ ਹਨ ਪਰ ਪਤਾ ਲੱਗਾ ਹੈ ਕਿ ਪਾਰਟੀ ਪ੍ਰਤੀ ਬਾਗ਼ੀ ਸੁਰਾਂ ਕਾਰਨ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ। ਉਂਜ ਉਮੀਦਵਾਰ ਦੇ ਮਾਮਲੇ ਵਿਚ ਉਹ ਵੀ ਸ੍ਰੀ ਮੋਦਗਿਲ ਦੇ ਹੱਕ ਵਿਚ ਹੀ ਖੜ੍ਹੇ ਹੋਣਗੇ ਕਿਉਂਕਿ ਉਨ੍ਹਾਂ ਦੀ ਸਿਆਸੀ ਲੜਾਈ ਖਾਸਕਰ ਸੰਜੇ ਟੰਡਨ ਨਾਲ ਹੈ।
ਇਸ ਵਾਰ 9 ਨਾਮਜ਼ਦ ਕੌਂਸਲਰਾਂ ਦਾ ਮੇਅਰ ਚੋਣਾਂ ਵਿਚ ਵੋਟਾਂ ਦਾ ਹੱਕ ਖੋਹੇ ਜਾਣ ਕਾਰਨ ਨਿਗਮ ਵਿਚ ਬਹੁਗਿਣਤੀ 20 ਕੌਂਸਲਰ ਭਾਜਪਾ ਨਾਲ ਹੀ ਸਬੰਧਤ ਹਨ। ਉਂਜ 9 ਨਾਮਜ਼ਦ ਕੌਂਸਲਰਾਂ ਦਾ ਵੋਟ ਦਾ ਹੱਕ ਖੋਹਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿਚ ਅਪੀਲ ਦੀ ਸੁਣਵਾਈ 5 ਜਨਵਰੀ ਨੂੰ ਹੋ ਰਹੀ ਹੈ। ਤਕਰੀਬਨ ਤੈਅ ਹੈ ਕਿ ਇਸ ਵਾਰ ਤਿੰਨੇ ਅਹੁਦਿਆਂ ’ਤੇ ਭਾਜਪਾ ਦੇ ਉਮੀਦਵਾਰ ਜਿੱਤਣਗੇ ਪਰ ਭਾਜਪਾ ਦੀ ਅੰਦਰੂਨੀ ਫੁੱਟ ਕਾਰਨ ਕਈ ਨਵੇਂ ਸਮੀਕਰਨ ਵੀ ਬਣ ਰਹੇ ਹਨ। ਪੰਜਾਬ ਭਾਜਪਾ ਦੇ ਸੰਗਠਨ ਸਕੱਤਰ ਦਿਨੇਸ਼ ਕੁਮਾਰ ਨੇ ਪਹਿਲੇ ਦੌਰੇ ਵਿਚ 20 ਕੌਂਸਲਰਾਂ ਕੋਲੋਂ ਉਮੀਦਵਾਰਾਂ ਬਾਰੇ ਰਾਇ ਹਾਸਲ ਕੀਤੀ ਹੈ। ਮੰਗਲਵਾਰ ਨੂੰ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ ਤੇ ਦਿਨੇਸ਼ ਕੁਮਾਰ ਸਣੇ ਕੋਰ ਕਮੇਟੀ ਦੀ ਮੀਟਿੰਗ ਅੰਤਿਮ ਫੈਸਲਾ ਲਵੇਗੀ। ਨਾਮਜ਼ਦਗੀਆਂ 3 ਜਨਵਰੀ ਨੂੰ ਹੋਣੀਆਂ ਹਨ। ਕੋਰ ਗਰੁੱਪ ’ਚ ਸੰਜੇ ਟੰਡਨ, ਸੱਤਪਾਲ ਜੈਨ, ਕਿਰਨ ਖੇਰ, ਹਰਮੋਹਨ ਧਵਨ, ਮੇਅਰ ਆਸ਼ਾ ਜਸਵਾਲ ਅਤੇ ਜਨਰਲ ਸਕੱਤਰ ਪ੍ਰੇਮ ਕੌਸ਼ਿਕ ਤੇ ਚੰਦਰ ਸ਼ੇਖਰ ਹਨ।
ਭਾਜਪਾ ਦੀ ਫੁੱਟ ਉੱਪਰ ਕਾਂਗਰਸ ਦੀ ਕਾਂ ਅੱਖ
ਨਗਰ ਨਿਗਮ ਵਿਚ ਕਾਂਗਰਸ ਦੇ ਭਾਵੇਂ ਚਾਰ ਕੌਂਸਲਰ ਹੀ ਹਨ ਪਰ 26 ਕੌਂਸਲਰਾਂ ਵਾਲੀ ਨਿਗਮ ਉਪਰ ਕਬਜ਼ਾ ਕਰਨ ਲਈ ਇਸ ਪਾਰਟੀ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਆਸ ਨਹੀਂ ਛੱਡੀ। ਕਾਂਗਰਸ ਨੇ ਭਾਜਪਾ ਦੀ ਧੜੇਬੰਦੀ ਉਪਰ ਨਜ਼ਰ ਰੱਖੀ ਹੋਈ ਹੈ ਅਤੇ ਕਰਾਸ ਵੋਟਿੰਗ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਸ੍ਰੀ ਛਾਬੜਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਮੇਅਰ ਚੋਣਾਂ ਵਿਚ ਆਪਣੇ ਉਮੀਦਵਾਰ ਅਵੱਸ਼ ਖੜ੍ਹੇ ਕਰਨਗੇ।