ਪੰਜਾਬ ‘ਚ ਤੇਜ਼ੀ ਨਾਲ ਫੈਲ ਰਹੀ ਏਡਜ਼ ਦਾ ਮਾਮਲਾ

ਭਵਿੱਖ ਦੀਆਂ ਪੀੜੀਆਂ ਤਬਾਹ ਕਰ ਦੇਵੇਗਾ ਨਸ਼ਿਆਂ ਅਤੇ ਏਡਜ਼ ਦਾ ਪ੍ਰਕੋਪ- ਆਪ

ਬੀਬੀ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਰੂਬੀ ਨੇ ਸਮਾਜ ਨੂੰ ਦਿੱਤਾ ਸੁਚੇਤ ਹੋਣ ਦਾ ਸੱਦਾ

ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੁਰੰਤ ਉਠਾਉਣ ਲੋੜੀਂਦੇ ਕਦਮ

ਚੰਡੀਗੜ੍ਹ , 18 ਜੁਲਾਈ 2019

ਆਮ ਆਦਮੀ ਪਾਰਟੀ (ਆਪ) ਨਸ਼ੇ, ਕੈਂਸਰ, ਕਾਲਾ ਪੀਲੀਆ ਦਾ ਖ਼ਤਰਨਾਕ ਸੰਤਾਪ ਝੱਲ ਰਹੇ ਪੰਜਾਬ ਦੇ ਏਡਜ਼ (ਐਚਆਈਵੀ) ਬਿਮਾਰੀ ਦੀ ਚਪੇਟ ‘ਚ ਆਉਣ ‘ਤੇ ਗਹਿਰੀ ਚਿੰਤਾ ਜਤਾਈ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਪਿਛਲੇ 15 ਦਿਨਾਂ ‘ਚ ਐਚਆਈਵੀ ਪਾਜੀਟਿਵ (ਏਡਜ਼) ਸੰਬੰਧੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਰਿਪੋਰਟਾਂ ਸੁੰਨ ਕਰਨ ਵਾਲੀਆਂ ਹਨ। ਜਿਸ ‘ਤੇ ਨਾ ਕੇਵਲ ਸਰਕਾਰ ਬਲਕਿ ਸਮੁੱਚੇ ਸਮਾਜ ਨੂੰ ਬੇਹੱਦ ਗੰਭੀਰ ਹੋਣ ਦੀ ਜ਼ਰੂਰਤ ਹੈ। ਕਿਉਂਕਿ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਇਕੱਲੇ ਬਡਰੁੱਖਾ ਪਿੰਡ ‘ਚ ਦਰਜਨ ਤੋਂ ਵੱਧ ਨੌਜਵਾਨਾਂ ਦਾ ਐਚਆਈਵੀ ਪਾਜੀਟਿਵ ਪਾਇਆ ਜਾਣਾ ਅਤੇ ਫਿਰ ਫ਼ਾਜ਼ਿਲਕਾ ‘ਚ 50 ਤੋਂ ਵੱਧ ਨੌਜਵਾਨ ਲੜਕਿਆਂ ਅਤੇ ਹੁਣ ਬਰਨਾਲਾ ਜ਼ਿਲ੍ਹੇ ‘ਚ 40 ਤੋਂ ਵੱਧ ਐਚਆਈਵੀ ਪਾਜੀਟਿਵ ਮਰੀਜ਼ ਮਿਲਣਾ ਇਸ ਘਾਤਕ ਅਤੇ ਜਾਨਲੇਵਾ ਬਿਮਾਰੀ ਦੇ ਵੱਡੇ ਪੱਧਰ ‘ਤੇ ਫੈਲਣ ਦੇ ਸੰਕੇਤ ਦਿੰਦਾ ਹੈ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਸਰਜਮੀਂ ‘ਤੇ ਨਸ਼ੇ, ਕੈਂਸਰ, ਕਾਲਾ ਪੀਲੀਆ ਅਤੇ ਏਡਜ਼ ਦਾ ਕਹਿਰ ਸਾਧਾਰਨ ਵਰਤਾਰਾ ਨਹੀਂ ਹੈ। ਇਹ ਸਾਰੇ ਜਾਨਲੇਵਾ ਪ੍ਰਕੋਪ ਇੱਕ ਦੂਜੇ ਨਾਲ ਜੁੜੇ ਹੋਏ ਹਨ। ਨੌਜਵਾਨਾਂ ‘ਚ ਨਸ਼ੇ ਦੀ ਲਤ ਹੀ ਏਡਜ਼ ਵਰਗੀਆਂ ਬਿਮਾਰੀਆਂ ਦੀ ਜੜ੍ਹ ਹੈ। ਜਿਸ ਲਈ ਪਹਿਲਾਂ ਬਾਦਲ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਜ਼ਿੰਮੇਵਾਰ ਹੈ।

ਨੌਜਵਾਨ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਨੌਜਵਾਨਾਂ, ਮਾਪਿਆਂ ਅਤੇ ਏਡਜ਼ ਵਿਰੁੱਧ ਸਮਾਜ ਨੂੰ ਨਾਲ ਲੈ ਕੇ ਖ਼ੁਦ ਹੀ ਲੜਨਾ ਪਵੇਗਾ, ਕਿਉਂਕਿ ਇਹ ਜਾਨਲੇਵਾ ਅਲਾਮਤਾਂ ਨਾ ਪਿਛਲੀਆਂ ਸਰਕਾਰਾਂ ਦੇ ਏਜੰਡੇ ‘ਤੇ ਸਨ ਅਤੇ ਨਾ ਹੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਏਜੰਡੇ ‘ਤੇ ਹਨ। ਰੂਬੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੌਜਵਾਨਾਂ ਖ਼ਾਸ ਕਰ ਕੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸੂਬਾ ਪੱਧਰੀ ਮੁਹਿੰਮ ਵਿੱਢੇਗੀ ਅਤੇ ਸਮੁੱਚੇ ਸਮਾਜ ਨੂੰ ਖ਼ੁਦ ਸੁਚੇਤ ਅਤੇ ਸਾਵਧਾਨ ਰਹਿਣ ਲਈ ਜਾਗਰੂਕ ਕਰੇਗੀ।

‘ਆਪ’ ਮਹਿਲਾ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲੋਂ ਮੰਗ ਕੀਤੀ ਕਿ ਸਰਕਾਰ ਸਾਰੇ ਜ਼ਿਲ੍ਹਿਆਂ ‘ਚ ਮੁਸਤੈਦੀ ਨਾਲ ਐਚਆਈਵੀ ਪਾਜੀਟਿਵ ਮਰੀਜ਼ਾਂ ਦੀ ਪਹਿਚਾਣ ਕਰ ਕੇ ਢੁਕਵੇਂ ਕਦਮ ਚੁੱਕੇ।