ਚੰਡੀਗੜ੍ਹ, 10 ਅਪਰੈਲ

ਵੱਖਵਾਦੀ ਅੰਮ੍ਰਿਤਪਾਲ ਸਿੰਘ ਦੇ ਫ਼ਰਾਰ ਹੋਣ ਦੇ ਮਾਮਲੇ ’ਚ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਭਗੌੜਿਆਂ ਨੂੰ ਕਾਨੂੰਨ ਅੱਗੇ ਆਤਮ ਸਮਰਪਣ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੀ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਸ੍ਰੀ ਯਾਦਵ ਨੇ ਅੱਜ ਸ੍ਰੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲੀਸ ਭਗੌੜਿਆਂ ਨੂੰ ਗ੍ਰਿਫ਼ਤਾਰ ਕਰੇਗੀ ਅਤੇ ਅਜਿਹੇ ਫ਼ਰਾਰ ਬੰਦਿਆਂ ਨੂੰ ਆਪ ਹੀ ਕਾਨੂੰਨ ਅੱਗੇ ਆਤਮ ਸਮਰਪਣ ਕਰਨ ਤਾਂ ਬਿਹਤਰ ਹੋਵੇਗਾ। ਅੰਮ੍ਰਿਤਪਾਲ ਸਿੰਘ ਦੇ ਧਾਰਮਿਕ ਸਥਾਨ ‘ਤੇ ਸ਼ਰਨ ਲੈਣ ਦੀਆਂ ਖ਼ਬਰਾਂ ਬਾਰੇ ਡੀਜੀਪੀ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਵਰਤੋਂ ਨਿੱਜੀ ਕਾਰਨਾਂ ਕਰਕੇ ਨਹੀਂ ਕੀਤੀ ਜਾਣੀ ਚਾਹੀਦੀ।