ਨਵੀਂ ਦਿੱਲੀ, 9 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੁੱਕੇ ਮਸਲੇ ਉੱਤੇ ਹਾਂ-ਪੱਖੀ ਹੁੰਗਾਰਾ ਭਰਦਿਆਂ ਕੇਂਦਰੀ ਖ਼ੁਰਾਕ ਅਤੇ ਜਨਤਕ ਵੰਡ ਮੰਤਰੀ ਪਿਊਸ਼ ਗੋਇਲ ਨੇ ਦਿਹਾਤੀ ਵਿਕਾਸ ਫੰਡ ਦਾ 1760 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਮੰਨ ਲਈ ਹੈ। ਰਾਜ ਸਭਾ ਸਕੱਤਰੇਤ ਵਿੱਚ ਮਿਲਣ ਉਪਰੰਤ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਪਿਛਲੇ ਸਾਉਣੀ ਅਤੇ ਹਾੜ੍ਹੀ ਦੇ ਖ਼ਰੀਦ ਸੀਜ਼ਨ ਲਈ ਬਕਾਇਆ ਦਿਹਾਤੀ ਵਿਕਾਸ ਫੰਡ ਦੇ ਭੁਗਤਾਨਾਂ ਨੂੰ ਜਾਰੀ ਕਰਨ ਸਬੰਧੀ ਵੱਡੀ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਸ ’ਤੇ ਤੇਜ਼ੀ ਨਾਲ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਨੂੰ 1700 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਲਾਭ ਹੋਵੇਗਾ। ਵਿਚਾਰ-ਵਟਾਂਦਰੇ ਦੌਰਾਨ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਸੂਬਾ ਸਰਕਾਰ ਵੱਲੋਂ ਉਠਾਈਆਂ ਮੰਗਾਂ ’ਤੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। ਇਸ ਨਾਲ ਪੰਜਾਬ ਸਰਕਾਰ ਨੂੰ ਸਾਲਾਨਾ 2800 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਲਾਭ ਹੋਵੇਗਾ। ਕੇਂਦਰੀ ਮੰਤਰੀ ਨੇ ਐਫਸੀਆਈ ਨੂੰ ਉਪਲਬਧ ਵਿਆਜ ਦਰਾਂ ’ਤੇ ਪੰਜਾਬ ਨੂੰ ਵਿਆਜ ਅਦਾਇਗੀਆਂ ਦੀ ਅਦਾਇਗੀ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਉਨ੍ਹਾਂ ਦੀ ਬੇਨਤੀ ਨੂੰ ਵੀ ਪ੍ਰਵਾਨ ਕਰ ਲਿਆ ਹੈ।