ਪਟਿਆਲਾ, 2 ਜਨਵਰੀ
ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਜਿਥੇ ਨਵੇਂ ਵਰ੍ਹੇ ਦੀ ਸ਼ੁਰੂਆਤ ਬਿਜਲੀ ਦਰਾਂ ’ਚ ਵਾਧੇ ਨਾਲ ਕੀਤੀ ਗਈ ਹੈ, ਉਥੇ ਹੀ ਅੱਜ ਨਵੇਂ ਸਾਲ ਤੋਂ ਬੱਸ ਕਿਰਾਏ ਵੀ ਵਧਾ ਦਿੱਤੇ ਗਏ ਹਨ। ਸੂਬਾ ਸਰਕਾਰ ਨੇ ਬੱਸ ਕਿਰਾਏ ਵਿਚ ਦੋ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ ਜਿਸ ਨਾਲ ਬੱਸਾਂ ਦਾ ਆਮ ਕਿਰਾਇਆ 114 ਤੋਂ ਵਧ ਕੇ 116 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ ਜੋ ਸਧਾਰਨ ਬੱਸਾਂ ਦਾ ਕਿਰਾਇਆ ਹੈ।
ਨਿਰਧਾਰਤ ਨਿਯਮਾਂ ਅਨੁਸਾਰ ਐਚਵੀਏਸੀ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 20 ਫੀਸਦੀ ਵੱਧ ਹੁੰਦਾ ਹੈ ਜਿਸ ਤਹਿਤ ਇਹ 139 ਪੈਸੇ ਹੋ ਗਿਆ ਹੈ। ਇੰਟੈਗਰਲ ਕੋਚ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 80 ਫੀਸਦੀ ਵੱਧ ਭਾਵ 208 ਪੈਸੇ, ਜਦਕਿ ਸੁਪਰ ਇੰਟੈਗਰਲ ਕੋਚ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ ਸੌ ਫੀਸਦੀ ਵੱਧ ਹੁੰਦਾ ਹੈ ਜਿਸ ਤਹਿਤ ਇਹ ਕਿਰਾਇਆ ਵਧ ਕੇ ਹੁਣ 232 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਇਸ ਵਾਧੇ ਨਾਲ਼ ਪੀਆਰਟੀਸੀ ਦੀ ਰੋਜ਼ਾਨਾ ਆਮਦਨੀ ਵਿਚ ਕਰੀਬ ਦੋ ਲੱਖ ਰੁਪਏ ਰੋਜ਼ਾਨਾ ਦਾ ਇਜ਼ਾਫਾ ਹੋ ਗਿਆ ਹੈ। ਇਸ ਤਰ੍ਹਾਂ ਸਿਰਫ਼ ਦੋ ਪੈਸੇ ਦੇ ਵਾਧੇ ਨਾਲ਼ ਪੀਆਰਟੀਸੀ ਨੂੰ ਦੋ ਲੱਖ ਰੁਪਏ ਰੋਜ਼ਾਨਾ ਦੇ ਵਾਧੇ ਤਹਿਤ, ਮਹੀਨੇ ਦੀ 60 ਲੱਖ ਅਤੇ ਸਾਲ ਭਰ ਦੀ 7.20 ਕਰੋੜ ਰੁਪਏ ਦੀ ਆਮਦਨੀ ਵੱਧ ਹੋਵੇਗੀ। ਇਸ ਲਿਹਾਜ਼ ਨਾਲ਼ ਇਹ ਸਾਰਾ ਵਿੱਤੀ ਬੋਝ ਲੋਕਾਂ ’ਤੇ ਹੀ ਪਾਇਆ ਗਿਆ ਹੈ। ਬੱਸ ਕਿਰਾਏ ਵਿਚ ਦੋ ਪੈਸੇ ਕਿਲੋਮੀਟਰ ਦੇ ਵਾਧੇ ਨਾਲ਼ ਪੰਜਾਬ ਰੋਡਵੇਜ਼ ਅਤੇ ਪ੍ਰ੍ਰਾਈਵੇਟ ਬੱਸ ਕੰਪਨੀਆਂ ਨੂੰ ਹੋਣ ਵਾਲ਼ੀ ਆਮਦਨੀ ਇਸ ਤੋਂ ਵੱਖਰੀ ਹੈ। ਦੂਜੇ ਪਾਸੇ ਕਿਰਾਇਆ ਵਧਾਉਣ ਦੇ ਫੈਸਲੇ ਨੂੰ ਲੈ ਕੇ ਵੱਖ ਵੱਖ ਧਿਰਾਂ ਨੇ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਵੇਂ ਵਰ੍ਹੇ ਦੇ ‘ਤੋਹਫ਼ੇ’ ਦੇ ਰੂਪ ਵਿਚ ਅਜਿਹਾ ਆਰਥਿਕ ਬੋਝ ਪਾ ਕੇ ਪੰਜਾਬ ਦੀ ਜਨਤਾ ਨਾਲ਼ ਧਰੋਹ ਕਮਾਇਆ ਹੈ। ਨਿੰਦਾ ਕਰਨ ਵਾਲ਼ਿਆਂ ਵਿਚ ਹਰਪਾਲ ਚੀਮਾ, ਹਰਵਿੰਦਰ ਹਰਪਾਲਪੁਰ, ਸੁਰਜੀਤ ਗੜ੍ਹੀ, ਗੁਰਸੇਵ ਹਰਪਾਲਪੁਰ, ਨਿਰਮਲ ਧਾਲੀਵਾਲ, ਬਲਦੇਵ ਮਹਿਰਾ, ਸੁਰਜੀਤ ਗੋਗੀਆ, ਹਰੀ ਸਿੰਘ ਚਮਕ, ਜਗਮੋਹਨ ਪਟਿਆਲਾ, ਡਾ.ਦਰਸ਼ਨਪਾਲ ਦੇ ਨਾਮ ਸ਼ਾਮਲ ਹਨ।