ਮੋਗਾ, 16 ਮਈ
ਕੈਨੇਡਾ ਦੇ ਓਂਟਾਰੀਓ ਸੂਬੇ ਦੇ ਬਰੈਂਪਟਨ ਦੇ ਏਲਡਰੇਡੋ ਪਾਰਕ ਵਿਚ ਕ੍ਰੈਡਿਟ ਵੈਲੀ ਨਦੀ ’ਚ ਡੁੱਬਣ ਨਾਲ ਬੱਧਨੀ ਕਲਾਂ ਦੇ ਨੌਜਵਾਨ ਦੀ ਮੌਤ ਹੋ ਗਈ। ਇਹ ਖ਼ਬਰ ਜਿਉਂ ਹੀ ਸੋਸ਼ਲ ਮੀਡੀਆ ਉੱਤੇ ਆਈ ਤਾਂ ਬੱਧਨੀ ਕਲਾਂ ਖੇਤਰ ਵਿੱਚ ਮਾਤਮ ਛਾ ਗਿਆ।
ਮ੍ਰਿਤਕ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਅਤੇ ਤਾਇਆ ਨਿਰਮਲ ਸਿੰਘ ਹੈੱਡ ਗ੍ਰੰਥੀ ਨੇ ਦੱਸਿਆ ਕਿ ਤੜਕਸਾਰ ਦੁਖ ਭਰਿਆ ਸੁਨੇਹਾ ਆਇਆ। ਉਨ੍ਹਾਂ ਦੱਸਿਆ ਕਿ ਨਵਕਿਰਨ ਸਿੰਘ (20) ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਪਿੰਡ ਮੱਦੋਕੇ ਦੇ ਸਕੂਲ ਅਤੇ ਬਾਰ੍ਹਵੀਂ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਤੋਂ ਕੀਤੀ। ਉਹ ਆਈਲੈਟਸ ਕਰਨ ਉਪਰੰਤ 3 ਸਤੰਬਰ 2021 ਨੂੰ ਹੈਲਥ ਕੇਅਰ ਦੀ ਪੜ੍ਹਾਈ ਕਰਨ ਕੈਨੇਡਾ ਚਲਾ ਗਿਆ ਸੀ। ਉਹ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ, ਜਿਸ ਦੌਰਾਨ ਉਸ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਸਟੀਲਜ਼ ਕ੍ਰੈਡਿਟ ਵਿਊ ਲਾਗੇ ਏਲਡਰੇਡੋ ਪਾਰਕ ’ਚੋਂ ਬਰਾਮਦ ਹੋਈ ਹੈ। ਕੈਨੇਡਾ ਪੁਲੀਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਕਿ ਹਾਦਸਾ ਕਿਵੇਂ ਵਾਪਰਿਆ।