ਮੁੰਬਈ, 21 ਅਕਤੂਬਰ
ਬੰਬੇ ਹਾਈ ਕੋਰਟ ਮੁੰਬਈ ਤੱਟ ’ਤੇ ਕਰੂਜ਼ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਅਭਿਨੇਤਾ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ’ਤੇ 26 ਅਕਤੂਬਰ ਨੂੰ ਸੁਣਵਾਈ ਕਰੇਗੀ। ਆਰੀਅਨ ਖਾਨ ਦੇ ਵਕੀਲ ਸਤੀਸ਼ ਮਨਸ਼ਿੰਦੇ ਨੇ ਜਸਟਿਸ ਐੱਨਡਬਲਿਊ ਸਾਂਬਰੇ ਦੇ ਸਿੰਗਲ ਬੈਂਚ ਕੋਲ ਜ਼ਮਾਨਤ ਦੀ ਅਰਜ਼ੀ ਦਾਖਲ ਕਰਕੇ ਤੁਰੰਤ ਸੁਣਵਾਈ ਦੀ ਬੇਨਤੀ ਕੀਤੀ। ਇਸ ਦੇ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਅਨਿਲ ਸਿੰਘ ਨੇ ਅਗਲੇ ਹਫਤੇ ਤੱਕ ਦਾ ਸਮਾਂ ਮੰਗਿਆ। ਜਸਟਿਸ ਸਾਂਬਰੇ ਨੇ ਸੁਣਵਾਈ ਲਈ 26 ਅਕਤੂਬਰ ਦੀ ਤਰੀਕ ਤੈਅ ਕੀਤੀ। ਅਦਾਲਤ ਉਸੇ ਦਿਨ ਇਸ ਮਾਮਲੇ ਵਿੱਚ ਗ੍ਰਿਫਤਾਰ ਫੈਸ਼ਨ ਮਾਡਲ ਮੁਨਮੁਨ ਧਮੇਚਾ ਦੀ ਜ਼ਮਾਨਤ ਪਟੀਸ਼ਨ ‘ਤੇ ਵੀ ਸੁਣਵਾਈ ਕਰੇਗੀ।