ਵੈਲਿੰਗਟਨ, 28 ਨਵੰਬਰ
ਨਿਊਜ਼ੀਲੈਂਡ ਦੌਰੇ ’ਤੇ ਗਈ ਪਾਕਿਸਤਾਨੀ ਕ੍ਰਿਕਟ ਟੀਮ ਦੇ ਕੁਝ ਮੈਂਬਰਾਂ ਦੇ ਕਰੋਨਾ ਟੈਸਟ ਪਾਜ਼ੇਟਿਵ ਆਉਣ ਤੇ ਉਨ੍ਹਾਂ ’ਤੇ ਆਇਦ ਪਾਬੰਦੀਆਂ ਦੀਆਂ ਖ਼ਬਰਾਂ ਦਰਮਿਆਨ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਨਿਊਜ਼ਲੈਂਡ ਦੇ ਅਧਿਕਾਰੀਆਂ ਨੂੰ ਪਾਕਿ ਟੀਮ ਨਾਲ ਕਲੱਬ ਟੀਮ ਵਾਂਗ ਸਲੂਕ ਨਾ ਕਰਨ ਲਈ ਕਿਹਾ ਹੈ। ਮੇਜ਼ਬਾਨਾਂ ਵੱਲੋਂ ਦੌਰਾ ਵਿਚਾਲੇ ਰੱਦ ਕਰਨ ਦੀ ਦਿੱਤੀ ਚੇਤਾਵਨੀ ਤੋਂ ਭੜਕੇ ਸ਼ੋਇਬ ਨੇ ਆਪਣੇ ਯੂ-ਟਿਊਬ ਚੈਨਲ ’ਤੇ ਕਿਹਾ, ‘ਮੈਂ ਨਿਊਜ਼ੀਲੈਂਡ ਬੋਰਡ (ਐੱਨਜ਼ੈੱਡਸੀ) ਨੂੰ ਸੁਨੇਹਾ ਦੇਣਾ ਚਾਹਾਂਗਾ ਕਿ ਇਹ ਕੋਈ ਕਲੱਬ ਟੀਮ ਨਹੀਂ, ਬਲਕਿ ਪਾਕਿਸਤਾਨ ਦੀ ਕੌਮੀ ਕ੍ਰਿਕਟ ਟੀਮ ਹੈ। ਤੁਸੀਂ ਪਾਕਿਸਤਾਨ ਬਾਰੇ ਗੱਲ ਕਰ ਰਹੇ ਹੋ….ਜੋ ਇਸ ਗ੍ਰਹਿ ਉੱਤੇ ਸਭ ਤੋਂ ਮਹਾਨ ਮੁਲਕ ਹੈ….ਇਸ ਲਈ ਬੰਦਿਆਂ ਵਾਂਗ ਪੇਸ਼ ਆਓ ਤੇ ਅਜਿਹੇ ਬਿਆਨ ਨਾ ਦੇਵੋ।’ ਇਸ ਦੌਰਾਨ ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਕ੍ਰਾਈਸਟਚਰਚ ਵਿੱਚ ਸੁਰੱਖਿਆ ਘੇਰੇ ’ਚ ਰੱਖੀ ਪਾਕਿਸਤਾਨੀ ਕ੍ਰਿਕਟ ਟੀਮ ਦੇ ਵਤੀਰੇ ਵਿੱਚ ‘ਵੱਡਾ ਸੁਧਾਰ’ ਆਇਆ ਹੈ। ਕਾਬਿਲੇਗੌਰ ਹੈ ਕਿ ਨਿਊਜ਼ੀਲੈਂਡ ਦੌਰੇ ’ਤੇ ਆਈ ਪਾਕਿ ਟੀਮ ਦੇ ਖਿਡਾਰੀਆਂ ਨੂੰ ਕੋਵਿਡ-19 ਦਿਸ਼ਾ ਨਿਰਦੇਸ਼ਾਂ ਤਹਿਤ ਕੁਝ ਦਿਨਾਂ ਲਈ ਇਕਾਂਤਵਾਸ ’ਚ ਰੱਖਿਆ ਗਿਆ ਹੈ ਤੇ ਕੁਝ ਖਿਡਾਰੀਆਂ ਵੱਲੋਂ ਨੇਮਾਂ ਦੀ ਕਥਿਤ ਉਲੰਘਣਾ ਲਈ ਉਨ੍ਹਾਂ ਨੂੰ ਦੌਰਾ ਰੱਦ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ।