ਕੋਲਕਾਤਾ, 10 ਜੁਲਾਈ
ਪੱਛਮੀ ਬੰਗਾਲ ਦੇ 19 ਜ਼ਿਲ੍ਹਿਆਂ ਵਿੱਚ 700 ਦੇ ਕਰੀਬ ਬੂਥਾਂ ਵਿੱਚ ਅੱਜ ਨਵੇਂ ਸਿਰੇ ਤੋਂ ਵੋਟਾਂ ਪਈਆਂ। ਵੋਟਾਂ ਦਾ ਅਮਲ ਇਕ ਦੋ ਥਾਵਾਂ ’ਤੇ ਮਾਮੂਲੀ ਝਗੜਿਆਂ ਨੂੰ ਛੱਡ ਕੇ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ। ਵੋਟਾਂ ਦੀ ਗਿਣਤੀ ਮੰਗਲਵਾਰ ਨੂੰ ਹੋਵੇਗੀ। ਉੋਂਜ ਸ਼ਨਿੱਚਰਵਾਰ ਨੂੰ ਵੋਟਿੰਗ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਆਗੂ ਅੱਜ ਵੀ ਮਿਹਣੋ-ਮਿਹਣੀ ਹੁੰਦੇ ਰਹੇ। ਇਸ ਦੌਰਾਨ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ.ਆਨੰਦਾ ਬੋਸ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸੂਬੇ ਦੇ ਹਾਲਾਤ ਤੋਂ ਜਾਣੂ ਕਰਵਾਇਆ। ਚੇਤੇ ਰਹੇ ਕਿ ਬੈਲਟ ਬਕਸਿਆਂ ਨਾਲ ਕਥਿਤ ਛੇੜਛਾੜ ਤੇ ਚੋਣਾਂ ਦੌਰਾਨ ਹੋਈ ਹਿੰਸਾ ਵਿੱਚ 15 ਵਿਅਕਤੀਆਂ ਦੇ ਮਾਰੇ ਜਾਣ ਮਗਰੋਂ ਸੂਬਾਈ ਚੋਣ ਕਮਿਸ਼ਨ ਨੇ ਐਤਵਾਰ ਸ਼ਾਮ ਨੂੰ 696 ਬੂਥਾਂ ’ਤੇ ਮੁੜ ਪੋਲਿੰਗ ਦੇ ਹੁਕਮ ਦਿੱਤੇ ਸਨ।
ਪੋਲਿੰਗ ਬੂਥਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਤਹਿਤ ਅੱਜ ਸਵੇਰੇ ਸੱਤ ਵਜੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੋਇਆ। ਸੂਬਾਈ ਪੁਲੀਸ ਤੋਂ ਇਲਾਵਾ ਕੇਂਦਰੀ ਬਲਾਂ ਦੇ ਚਾਰ ਜਵਾਨ ਹਰੇਕ ਬੂਥ ’ਤੇ ਤਾਇਨਾਤ ਰਹੇ। ਬਾਅਦ ਦੁਪਹਿਰ ਪੰਜ ਵਜੇ ਤੱਕ 69.85 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਬੂਥਾਂ ਨੂੰ ਪੋਲਿੰਗ ਦਾ ਅਮਲ ਸਿਰੇ ਚਾੜ੍ਹਨ ਲਈ ਓਨਾ ਹੀ ਵਾਧੂ ਸਮਾਂ ਦਿੱਤਾ ਗਿਆ। ਸੂਬਾਈ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ, ‘‘ਜਨਿ੍ਹਾਂ ਜ਼ਿਲ੍ਹਿਆਂ ਵਿੱਚ ਮੁੜ ਤੋਂ ਪੋਲਿੰਗ ਹੋਈ, ਉਥੋਂ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ। ਇੱਕ ਦੋ ਥਾਵਾਂ ’ਤੇ ਮਾਮੂਲੀ ਝਗੜੇ ਹੋਏ, ਜਿਸ ਨੂੰ ਪੁਲੀਸ ਨੇ ਆਪਣੇ ਪੱਧਰ ’ਤੇ ਨਜਿੱਠ ਲਿਆ।’’ ਮਾਲਦਾ ਵਿਚ ਸਥਾਨਕ ਲੋਕਾਂ ਨੇ ਗਾਜ਼ੋਲੇ ਬਲਾਕ ਵਿੱਚ ਰਾਣੀਗੰਜ ਪੰਚਾਇਤ ਵਿੱਚ ਆਉਂਦੇ ਡੋਗਾਚੀ ਬੂਥ ਨੂੰ ਘੇਰਾ ਪਾ ਕੇ ਅਧਿਕਾਰੀਆਂ ਨੂੰ ਮੁੜ ਵੋਟਿੰਗ ਕਰਵਾਉਣ ਤੋਂ ਰੋਕਿਆ। ਸਥਾਨਕ ਲੋਕਾਂ ਵੱਲੋਂ ਸੜਕ ਮੁਰੰਮਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕੀਤੇ ਵੋਟਾਂ ਦੇ ਬਾਈਕਾਟ ਕਰਕੇ ਸ਼ਨਿੱਚਰਵਾਰ ਨੂੰ ਵੀ ਇਸ ਬੂਥ ’ਤੇ ਪੋਲਿੰਗ ਨਹੀਂ ਹੋਈ ਸੀ। ਲੋਕਾਂ ਨੇ ਬੂਥ ਨੂੰ ਤਾਲਾ ਜੜ ਦਿੱਤਾ ਸੀ। ਜਨਿ੍ਹਾਂ ਜ਼ਿਲ੍ਹਿਆਂ ਵਿੱਚ ਅੱਜ ਮੁੜ ਪੋਲਿੰਗ ਹੋਈ ਉਨ੍ਹਾਂ ਵਿਚ ਮੁਰਸ਼ਿਦਾਬਾਦ ਦੇ 175 ਬੂਥ, ਮਾਲਦਾ ਦੇ 109, ਨਾਦੀਆ 89, ਕੂਚ ਬਿਹਾਰ 53, ਉਤਰੀ 24 ਪਰਗਨਾ 46, ਉੱਤਰੀ ਦੀਨਾਜਪੁਰ 42,ਦੱਖਣੀ 24 ਪਰਗਨਾ 36, ਪੂਰਬੀ ਮੇਦਨੀਪੁਰ 31 ਤੇ ਹੁਗਲੀ 29 ਬੂਥ ਸ਼ਾਮਲ ਹਨ। ਸ਼ਨਿੱਚਰਵਾਰ ਨੂੰ ਤਿੰੰਨ ਪਰਤੀ ਪੰਚਾਇਤ ਚੋਣਾਂ ਲਈ 61,000 ਤੋਂ ਵੱਧ ਬੂਥਾਂ ’ਤੇ ਵੋਟਾਂ ਪਈਆਂ ਸਨ। ਇਸੇ ਦੌਰਾਨ ਕਈ ਬੂਥਾਂ ’ਤੇ ਬੈਲਟ ਬਕਸਿਆਂ ਦੀ ਲੁੱਟ-ਖੋਹ ਕੀਤੀ ਗਈ ਜਦੋਂਕਿ ਕਈ ਥਾਈਂ ਇਨ੍ਹਾਂ ਬਕਸਿਆਂ ਨੂੰ ਅੱਗ ਲਾ ਦਿੱਤੀ ਗਈ ਜਾਂ ਫਿਰ ਤਲਾਬਾਂ ਵਿੱਚ ਸੁੱਟ ਦਿੱਤਾ ਗਿਆ। ਟੀਐੱਮਸੀ ਆਗੂਆਂ ਨੇ ਕਿਹਾ ਕਿ ਦੋ ਦਨਿ ਪਹਿਲਾਂ ਹੋਈਆਂ ਪੰਚਾਇਤ ਚੋਣਾਂ ਦੌਰਾਨ ਹੋਈ ਸਿਆਸੀ ਵਰਕਰਾਂ ਦੀ ਮੌਤ ਨਾਲ ਸਾਡੇ ਸਾਰਿਆਂ ਦਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ।