ਕੋਲਕਾਤਾ/ਅਮਰਾਵਤੀ, 17 ਮਾਰਚ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇਸ ਦਾਅਦੇ ਕਿ ਚਾਰ-ਪੰਜ ਸਾਲ ਪਹਿਲਾਂ ਪੱਛਮੀ ਬੰਗਾਲ ਨੂੰ 25 ਕਰੋੜ ਰੁਪਏ ਵਿੱਚ ਵਿਵਾਦਿਤ ਪੈਗਾਸਸ ਸਪਾਈਵੇਅਰ ਦੇਣ ਦੀ ਪੇਸ਼ਕਸ਼ ਹੋਈ ਸੀ, ਤੋਂ ਇਕ ਦਿਨ ਮਗਰੋਂ ਟੀਐੱਮਸੀ ਸੁਪਰੀਮੋ ਨੇ ਅੱਜ ਇਸ ਮਾਮਲੇ ਵਿੱਚ ਹੋਰ ਤਫ਼ਸੀਲ ਸਾਂਝੀ ਕੀਤੀ ਹੈ। ਬੈਨਰਜੀ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਪੇਸ਼ਕਸ਼ ਦਾ ਪਤਾ ਲੱਗਾ, ਉਨ੍ਹਾਂ ਕੋਰੀ ਨਾਂਹ ਕਰ ਦਿੱਤੀ। ਬੈਨਰਜੀ ਨੇ ਕਿਹਾ ਕਿ ਇਸ ਸਪਾਈਵੇਅਰ ਨੂੰ ਦੇਸ਼ ਦੀ ਸੁਰੱਖਿਆ ਲਈ ਵਰਤਣ ਦੀ ਥਾਂ ਕੇਂਦਰ ਸਰਕਾਰ ਨੇ ਇਸ ਨੂੰ ਆਪਣੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਵਰਤਿਆ। ਮੁੱਖ ਮੰਤਰੀ ਨੇ ਕਿਹਾ, ‘‘ਉਨ੍ਹਾਂ (ਐੱਨਐੱਸਓ, ਪੈਗਾਸਸ ਤਿਆਰ ਕਰਨ ਵਾਲੀ ਕੰਪਨੀ) ਸਪਾਈਵੇਅਰ ਵੇਚਣ ਲਈ ਹਰ ਕਿਸੇ ਕੋਲ ਪਹੁੰਚ ਕੀਤੀ। ਚਾਰ ਪੰਜ ਸਾਲ ਪਹਿਲਾਂ ਉਨ੍ਹਾਂ ਬੰਗਾਲ ਪੁਲੀਸ ਨਾਲ ਵੀ ਰਾਬਤਾ ਕੀਤਾ ਤੇ 25 ਕਰੋੜ ਵਿੱਚ ਵੇਚਣ ਦੀ ਪੇਸ਼ਕਸ਼ ਕੀਤੀ। ਮੈਨੂੰ ਜਾਣਕਾਰੀ ਸੀ, ਪਰ ਮੈਂ ਕਹਿ ਦਿੱਤਾ ਕਿ ਸਾਨੂੰ ਅਜਿਹੀ ਕੋਈ ਲੋੜ ਨਹੀਂ ਹੈ।’’ ਮਮਤਾ ਨੇ ਕਿਹਾ, ‘‘ਜੇਕਰ ਇਸ ਨੂੰ ਦੇਸ਼ ਦੀ ਸੁਰੱਖਿਆ ਲਈ ਵਰਤਿਆ ਜਾਂਦਾ ਤਾਂ ਇਹ ਹੋਰ ਗੱਲ ਹੁੰਦੀ, ਪਰ ਇਸ ਨੂੰ ਸਿਆਸੀ ਮੰਤਵਾਂ ਲਈ ਜੱਜਾਂ ਤੇ ਹੋਰ ਅਧਿਕਾਰੀਆਂ ਖਿਲਾਫ਼ ਵਰਤਿਆ ਗਿਆ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।’’ ਉਧਰ ਤੇਲਗੂ ਦੇਸ਼ਮ ਪਾਰਟੀ ਨੇ ਮਮਤਾ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿੰਦਿਆਂ ਚੰਦਰਬਾਬੂ ਨਾਇਡੂ ਨੇ ਇਹ ਸਪਾਈਵੇਅਰ ਖਰੀਦਿਆ ਸੀ।