ਨਵੀਂ ਦਿੱਲੀ, 29 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਸਰਕਾਰੀ ਬੰਗਲੇ ਦੇ ਨਿਰਮਾਣ ’ਚ ਕਥਿਤ ਬੇਨਿਯਮੀਆਂ ਸਬੰਧੀ ਸੀਬੀਆਈ ਜਾਂਚ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਉਪਰ ਹੱਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਘਬਰਾਏ ਹੋਏ ਹਨ, ਇਸ ਕਰ ਕੇ ਉਨ੍ਹਾਂ ਨੂੰ ਝੁਕਾਉਣ ਲਈ ਇਹ ਜਾਂਚ ਸ਼ੁਰੂ ਕਰਵਾਈ ਗਈ ਹੈ। ਸ੍ਰੀ ਕੇਜਰੀਵਾਲ ਨੇ ‘ਐਕਸ’ ’ਤੇ ਆਖਿਆ, ‘‘ਉਨ੍ਹਾਂ ਨੇ ਹੁਣ ਮੁੱਖ ਮੰਤਰੀ ਨਵਿਾਸ ਦੀ ਸੀਬੀਆਈ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਰੇ ਖ਼ਿਲਾਫ਼ ਜਾਂਚ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਅੱਠ ਸਾਲਾਂ ਵਿੱਚ ਹੁਣ ਤੱਕ ਮੇਰੇ ਖ਼ਿਲਾਫ਼ 50 ਤੋਂ ਵੱਧ ਮਾਮਲਿਆਂ ਵਿੱਚ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ।’’ ਉਨ੍ਹਾਂ ਆਖਿਆ, ‘ਉਹ ਕਹਿ ਰਹੇ ਨੇ ਕਿ ਕੇਜਰੀਵਾਲ ਨੇ ਸਕੂਲ ਬਣਾਉਣ ’ਚ ਘਪਲਾ, ਬੱਸ ਘਪਲਾ, ਸ਼ਰਾਬ ਘਪਲਾ, ਸੜਕ ਘਪਲਾ, ਪਾਣੀ ਘਪਲਾ ਤੇ ਬਿਜਲੀ ਵਿੱਚ ਘਪਲਾ ਕੀਤਾ ਹੈ। ਸ਼ਾਇਦ ਦੁਨੀਆ ਵਿਚ ਸਭ ਤੋਂ ਵੱਧ ਪੁੱਛਗਿੱਛ ਮੇਰੇ ਤੋਂ ਕੀਤੀ ਗਈ ਹੈ ਪਰ ਕਿਸੇ ਵੀ ਮਾਮਲੇ ਵਿੱਚ ਕੁਝ ਨਹੀਂ ਨਿਕਲਿਆ।
ਇਸ ਮਾਮਲੇ ਵਿੱਚ ਵੀ ਕੁਝ ਨਹੀਂ ਮਿਲੇਗਾ ਕਿਉਂਕਿ ਕੁਝ ਗਲਤ ਹੈ ਹੀ ਨਹੀਂ ?’’ ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਅੱਗੇ ਝੁਕਣ ਵਾਲਾ ਨਹੀਂ ਹਾਂ, ਭਾਵੇਂ ਉਹ ਮੇਰੇ ਤੋਂ ਜਿੰਨੀ ਮਰਜ਼ੀ ਫਰਜ਼ੀ ਪੁੱਛਗਿੱਛ ਕਰਨ ਜਾਂ ਜਿੰਨੇ ਮਰਜ਼ੀ ਕੇਸ ਦਰਜ ਕਰ ਲੈਣ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਜੇ ਇਸ ਜਾਂਚ ਵਿੱਚ ਵੀ ਕੁਝ ਨਾ ਮਿਲਿਆ ਤਾਂ ਕੀ ਉਹ ਝੂਠੀ ਜਾਂਚ ਕਰਵਾਉਣ ਲਈ ਅਸਤੀਫ਼ਾ ਦੇਣਗੇ?’’