ਢਾਕਾ : ਬੰਗਲਾਦੇਸ਼ ਵਿੱਚ ਵੀਰਵਾਰ 12 ਫਰਵਰੀ ਨੂੰ ਹੋਈਆਂ 13ਵੀਂ ਸੰਸਦੀ ਚੋਣਾਂ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਨੇ ਇਤਿਹਾਸ ਰਚ ਦਿੱਤਾ। BNP ਨੇ 300 ਮੈਂਬਰੀ ਸਦਨ ਵਿੱਚ 200 ਤੋਂ ਵੱਧ ਸੀਟਾਂ ਜਿੱਤੀਆਂ। ਇਸ ਨਾਲ BNP ਚੇਅਰਪਰਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਰਹਿਮਾਨ ਹੁਣ ਬੰਗਲਾਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਹੁਣ ਉਨ੍ਹਾਂ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ।

ਇਹ 36 ਸਾਲਾਂ ਵਿੱਚ ਪਹਿਲੀ ਵਾਰ ਹੈ ਜਦੋਂ ਕੋਈ ਪੁਰਸ਼ ਪ੍ਰਧਾਨ ਮੰਤਰੀ ਬਣੇਗਾ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਪਾਰਟੀ ਨੂੰ ਪਾਬੰਦੀਆਂ ਕਾਰਨ ਇਸ ਚੋਣ ਤੋਂ ਬਾਹਰ ਰੱਖਿਆ ਗਿਆ ਸੀ। ਇਸ ਲਈ ਮੁੱਖ ਮੁਕਾਬਲਾ BNP ਅਤੇ ਜਮਾਤ-ਏ-ਇਸਲਾਮੀ ਵਿਚਕਾਰ ਸੀ।

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਬੁਲਾਰੇ ਮਹਦੀ ਅਮੀਨ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਨੂੰ ਚੋਣਾਂ ਵਿੱਚ ਜਿੱਤ ਦੀ ਪੂਰੀ ਉਮੀਦ ਹੈ। ਉਨ੍ਹਾਂ ਕਿਹਾ ਸੀ ਕਿ BNP ਚੋਣਾਂ ਜਿੱਤੇਗੀ ਅਤੇ ਸਰਕਾਰ ਬਣਾਏਗੀ। ਜਮਾਤ-ਏ-ਇਸਲਾਮੀ ਦੇ ਮੁਖੀ ਸ਼ਫੀਕੁਰ ਰਹਿਮਾਨ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਚੋਣਾਂ ਨਹੀਂ ਜਿੱਤਦੀ, ਤਾਂ ਵੀ ਉਹ ਵਿਰੋਧੀ ਧਿਰ ਦੀ ਰੁਕਾਵਟ ਪਾਉਣ ਵਾਲੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਣਗੇ। ਰਹਿਮਾਨ ਨੇ ਕਿਹਾ ਕਿ ਅਸੀਂ ਸਕਾਰਾਤਮਕ ਰਾਜਨੀਤੀਕਰਾਂਗੇ।

ਤਾਰਿਕ ਰਹਿਮਾਨ ਅਤੇ ਉਨ੍ਹਾਂ ਦੀ ਪਾਰਟੀ ਦੀ ਜਿੱਤ ਨੂੰ “ਸਾਫ਼ ਰਾਜਨੀਤੀ” ਅਤੇ ਭ੍ਰਿਸ਼ਟਾਚਾਰ-ਮੁਕਤ ਸ਼ਾਸਨ ਦੇ ਵਾਅਦੇ ਵਜੋਂ ਦੇਖਿਆ ਜਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਭ੍ਰਿਸ਼ਟਾਚਾਰ ਲਈ ਜ਼ੀਰੋ ਸਹਿਣਸ਼ੀਲਤਾ ਅਤੇ ਲੋਕਤੰਤਰ ਦੀ ਬਹਾਲੀ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਾਨੂੰਨ ਵਿਵਸਥਾ ਵਿੱਚ ਸੁਧਾਰਾਂ ਦਾ ਵੀ ਐਲਾਨ ਕੀਤਾ ਤਾਂ ਜੋ ਦੇਸ਼ ਦਾ ਹਰ ਨਾਗਰਿਕ ਸੁਰੱਖਿਅਤ ਮਹਿਸੂਸ ਕਰੇ।