ਲੰਡਨ, 3 ਜੂਨ
ਬੰਗਲਾਦੇਸ਼ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਦੀ ਟੀਮ ਨੇ 330 ਦੌੜਾਂ ਬਣਾਈਆਂ ਸਨ ਅਤੇ ਦੱਖਣੀ ਅਫਰੀਕਾ ਦੀ ਟੀਮ ਇਸ ਦੇ ਜਵਾਬ ਵਿੱਚ 309 ਦੌੜਾਂ ਹੀ ਬਣਾ ਸਕੀ।
ਸ਼ਾਕਿਬ-ਅਲ-ਹਸਨ ਅਤੇ ਮੁਸ਼ਫਿਕਰ ਰਹੀਮ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਬੰਗਲਾਦੇਸ਼ ਨੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਅੱਜ ਛੇ ਵਿਕਟਾਂ ’ਤੇ 330 ਦੌੜਾਂ ਬਣਾਈਆਂ। ਬੰਗਲਾਦੇਸ਼ ਦਾ ਇਹ ਵਿਸ਼ਵ ਕੱਪ ਵਿੱਚ ਸਰਵੋਤਮ ਸਕੋਰ ਵੀ ਹੈ।
ਇਸ ਤੋਂ ਪਹਿਲਾਂ ਸ਼ਾਕਿਬ ਅਲ ਅਤੇ ਮੁਸ਼ਫਿਕਰ ਦੀ ਜੋੜੀ ਨੇ ਤੀਜੀ ਵਿਕਟ ਲਈ 142 ਦੌੜਾਂ ਬਣਾਈਆਂ, ਜੋ ਵਿਸ਼ਵ ਕੱਪ ਵਿੱਚ ਉਸ ਦੀ ਸਰਵੋਤਮ ਭਾਈਵਾਲੀ ਵੀ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸੌਮਿਆ ਸਰਕਾਰ ਨੇ 42 ਦੌੜਾਂ ਅਤੇ ਅਖ਼ੀਰ ਵਿੱਚ ਮਹਿਮੂਦੁੱਲ੍ਹਾ ਨੇ ਨਾਬਾਦ 46 ਦੌੜਾਂ ਬਣਾਈਆਂ। ਬੰਗਲਾਦੇਸ਼ ਦਾ ਵਿਸ਼ਵ ਕੱਪ ਵਿੱਚ ਸਰਵੋਤਮ ਸਕੋਰ 2015 ਵਿੱਚ ਸਕਾਟਲੈਂਡ ਖ਼ਿਲਾਫ਼ ਚਾਰ ਵਿਕਟਾਂ ’ਤੇ 322 ਦੌੜਾਂ ਸੀ, ਜਿਸ ਨੂੰ ਉਸ ਨੇ ਅੱਜ ਪਛਾੜ ਦਿੱਤਾ ਹੈ। ਇਹ ਉਸ ਦਾ ਸਭ ਤੋਂ ਵੱਡਾ ਸਕੋਰ ਹੈ। ਦੱਖਣੀ ਅਫਰੀਕਾ ਵੱਲੋਂ ਐਂਡਿਲੇ ਫੈਲੁਕਵਾਓ (52 ਦੌੜਾਂ ਦੇ ਕੇ ਦੋ), ਮੌਰਿਸ (73 ਦੌੜਾਂ ਦੇ ਕੇ ਦੋ) ਅਤੇ ਇਮਰਾਨ ਤਾਹਿਰ (57 ਦੌੜਾਂ ਦੇ ਕੇ ਦੋ) ਨੂੰ ਦੋ-ਦੋ ਵਿਕਟਾਂ ਮਿਲੀਆਂ, ਜਦੋਂਕਿ ਕੈਗਿਸੋ ਰਬਾਡਾ (57 ਦੌੜਾਂ ਦੇ ਕੇ), ਲੁੰਗੀ ਐਨਗਿੜੀ (34 ਦੌੜਾਂ ਦੇ ਕੇ), ਏਡਨ ਮਾਰਕਰਮ (38 ਦੌੜਾਂ ਦੇ ਕੇ) ਅਤੇ ਜੇਪੀ ਡੁਮਿਨੀ (ਦਸ ਦੌੜਾਂ ਦੇ ਕੇ) ਦੇ ਹੱਥ ਖ਼ਾਲੀ ਰਹੇ।
ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਤਮੀਮ ਇਕਬਾਲ ਅਤੇ ਸੌਮਿਆ ਸਰਕਾਰ ਦੀ ਸਲਾਮੀ ਜੋੜੀ ਨੇ ਚੰਗੀ ਸ਼ੁਰੂਆਤ ਦਿਵਾਈ। ਐਂਡਿਲੇ ਫੈਲੁਕਵਾਓ ਨੇ ਤਮੀਮ (16 ਦੌੜਾਂ) ਨੂੰ ਆਊਟ ਕਰਕੇ ਆਪਣੀ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਫਿਰ ਬੰਗਲਾਦੇਸ਼ ਦੇ ਸ਼ਾਕਿਬ ਅਲ (84 ਗੇਂਦਾਂ ਵਿੱਚ ਅੱਠ ਚੌਕੇ ਅਤੇ ਇੱਕ ਛੱਕਾ) ਕ੍ਰੀਜ਼ ’ਤੇ ਉਤਰਿਆ। ਦੱਖਣੀ ਅਫਰੀਕਾ ਨੇ 12ਵੇਂ ਓਵਰ ਵਿੱਚ ਗੇਂਦਬਾਜ਼ੀ ਵਿੱਚ ਬਦਲਾਅ ਕੀਤਾ। ਕ੍ਰਿਸ ਮੌਰਿਸ ਦੀ ਸ਼ਾਰਟ ਗੇਂਦ ’ਤੇ ਸੋਮਿਆ ਸਰਕਾਰ ਵੀ ਵਿਕਟਕੀਪਰ ਨੂੰ ਕੈਚ ਦੇ ਕੇ ਆਊਟ ਹੋ ਗਿਆ। ਦੋਵਾਂ ਸਲਾਮੀ ਬੱਲੇਬਾਜ਼ਾਂ ਦੇ ਜਾਣ ਮਗਰੋਂ ਮੁਸ਼ਫਿਕਰ ਅਤੇ ਸ਼ਾਕਿਬ ਅਲ ਨੇ ਟੀਮ ਦੇ ਸਕੋਰ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸੰਭਾਲੀ ਅਤੇ 16ਵੇਂ ਓਵਰ ਵਿੱਚ ਦੋਵੇਂ ਸਕੋਰ ਨੂੰ 100 ਦੌੜਾਂ ਤੋਂ ਪਾਰ ਲੈ ਗਏ। ਸ਼ਾਕਿਬ ਅਤੇ ਮੁਸ਼ਫਿਕਰ ਨੇ ਦੱਖਣੀ ਅਫਰੀਕਾ ਦੇ ਗੇਂਦਬਾਜ਼ ਮੌਰਿਸ ਖ਼ਿਲਾਫ਼ ਠਰ੍ਹੱਮੇ ਨਾਲ ਖੇਡਦਿਆਂ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ। ਸ਼ਾਕਿਬ ਨੇ ਮੌਰਿਸ ਦੀ ਗੇਂਦ ’ਤੇ ਚੌਕਾ ਮਾਰ ਕੇ 54 ਗੇਂਦਾਂ ਵਿੱਚ ਆਪਣਾ 43ਵਾਂ ਇੱਕ ਰੋਜ਼ਾ ਅਰਧ ਸੈਂਕੜਾ ਪੂਰਾ ਕੀਤਾ। ਇਸ ਮਗਰੋਂ ਮੁਸ਼ਫਿਕਰ ਨੇ ਫੈਲੁਕਵਾਓ ਦੀ ਗੇਂਦ ’ਤੇ ਚੌਕੇ ਨਾਲ 52 ਗੇਂਦਾਂ ਵਿੱਚ ਆਪਣਾ 34ਵਾਂ ਅਰਧ ਸੈਂਕੜਾ ਜੜਿਆ। ਦੱਖਣੀ ਅਫਰੀਕਾ ਦੇ ਗੇਂਦਬਾਜ਼ ਵਿਕਟ ਨਾ ਮਿਲਣ ਕਾਰਨ ਕਾਫ਼ੀ ਪ੍ਰੇਸ਼ਾਨ ਲੱਗ ਰਹੇ ਸਨ। ਇਸੇ ਦੌਰਾਨ ਬੰਗਲਾਦੇਸ਼ ਨੇ 32ਵੇਂ ਓਵਰ ਦੇ ਅਖ਼ੀਰ ਵਿੱਚ 200 ਦੌੜਾਂ ਪੂਰੀਆਂ ਕੀਤੀਆਂ। ਸ਼ਾਕਿਬ ਅਤੇ ਮੁਸ਼ਫਿਕਰ ਨੇ ਮਿਲ ਕੇ 142 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਇੱਕ ਰੋਜ਼ਾ ਵਿੱਚ ਤੀਜੀ ਵਿਕਟ ਲਈ ਸਰਵੋਤਮ ਭਾਈਵਾਲੀ ਕੀਤੀ। ਇਹ ਇਨ੍ਹਾਂ ਦੋਵਾਂ ਵਿਚਾਲੇ ਇੱਕ ਰੋਜ਼ਾ ਵਿੱਚ ਸੈਂਕੜੇ ਵਾਲੀ ਪੰਜਵੀਂ ਭਾਈਵਾਲੀ ਵੀ ਹੈ। ਇਮਰਾਨ ਤਾਹਿਰ ਨੇ ਸ਼ਾਕਿਬ ਨੂੰ ਆਊਟ ਕਰਕੇ ਇਸ ਜੋੜੀ ਨੂੰ ਤੋੜਿਆ। ਤਾਹਿਰ ਨੇ ਫਿਰ ਮੁਹੰਮਦ ਮਿਥੁਨ (21 ਦੌੜਾਂ) ਵਜੋਂ ਆਪਣੀ ਦੂਜੀ ਵਿਕਟ ਹਾਸਲ ਕੀਤੀ। ਫੈਲੁਕਵਾਓ ਨੇ ਆਪਣੇ ਦੂਜੇ ਸਪੈਲ ਵਿੱਚ ਮੁਸ਼ਫਿਕਰ ਦੀ ਪਾਰੀ ਦਾ ਅੰਤ ਕੀਤਾ, ਜੋ 80 ਗੇਂਦਾਂ ਵਿੱਚ ਅੱਠ ਚੌਕਿਆਂ ਨਾਲ 78 ਦੌੜਾਂ ਬਣਾ ਕੇ ਆਊਟ ਹੋਇਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਇਸੇ ਹਫ਼ਤੇ ਉਦਘਾਟਨੀ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਤੋਂ 104 ਦੌੜਾਂ ਨਾਲ ਹਾਰ ਗਈ ਸੀ। ਮੇਜ਼ਬਾਨ ਦੇ ਤੇਜ਼ ਗੇਂਦਬਾਜ਼ ਜੌਫਰਾ ਆਰਚਰ ਦੀ ਗੇਂਦ ਉਸ ਦੇ ਅਨੁਭਵੀ ਸਲਾਮੀ ਬੱਲੇਬਾਜ਼ ਹਾਸ਼ਿਮ ਅਮਲਾ ਦੇ ਹੈਲਮੇਟ ’ਤੇ ਲੱਗੀ ਸੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਅੱਜ ਦੇ ਮੈਚ ਵਿੱਚ ਨਹੀਂ ਖੇਡ ਸਕਿਆ। ਟੀਮ ਲਈ ਇੱਕ ਹੋਰ ਬੁਰੀ ਖ਼ਬਰ ਇਹ ਵੀ ਰਹੀ ਕਿ ਤੇਜ਼ ਗੇਂਦਬਾਜ਼ ਲੁੰਗੀ ਐਨਗਿੜੀ ਹੈਮਸਟਿੰਗ ਦਾ ਇਲਾਜ ਕਰਵਾਉਂਦਾ ਦਿਸਿਆ ਅਤੇ ਇਸ ਮਗਰੋਂ ਗੇਂਦਬਾਜ਼ੀ ਕਰਨ ਨਹੀਂ ਆਇਆ।