ਢਾਕਾ, 29 ਅਕਤੂਬਰ
ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਦੇ ਪ੍ਰਧਾਨ ਨਜ਼ਮੁਲ ਹਸਨ ਨੇ ਦੋਸ਼ ਲਾਇਆ ਹੈ ਕਿ ਬੰਗਲਾਦੇਸ਼ ਦੇ ਭਾਰਤ ਦੌਰੇ ਨੂੰ ਨੁਕਸਾਨ ਪਹੁੰਚਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਦੇਸ਼ ਦੇ ਚੋਟੀ ਦੇ ਕ੍ਰਿਕਟਰਾਂ ਦੀ 11 ਮੰਗਾਂ ਸਬੰਧੀ ਕੀਤੀ ਗਈ ਹੜਤਾਲ ਇਸ ਦਾ ਹਿੱਸਾ ਹੈ। ਬੰਗਲਾਦੇਸ਼ ਨੇ ਭਾਰਤ ਵਿੱਚ ਤਿੰਨ ਟੀ-20 ਅਤੇ ਦੋ ਟੈਸਟ ਮੈਚ ਖੇਡਣੇ ਹਨ। ਇਸ ਦੌਰੇ ਤੋਂ ਪਹਿਲਾਂ ਬੰਗਲਾਦੇਸ਼ੀ ਖਿਡਾਰੀਆਂ ਨੇ ਤਨਖ਼ਾਹ ਵਧਾਉਣ ਲਈ ਹੜਤਾਲ ਕੀਤੀ ਸੀ ਅਤੇ ਬੀਸੀਬੀ ਦੇ ਮੰਗਾਂ ਮੰਨਣ ਮਗਰੋਂ ਇਸ ਨੂੰ ਵਾਪਸ ਲੈ ਲਿਆ ਗਿਆ ਸੀ। ਹਸਨ ਨੇ ਬੰਗਾਲੀ ਰੋਜ਼ਾਨਾ ‘ਪ੍ਰੋਥੋਮ ਆਲੋ’ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘‘ਤੁਸੀਂ (ਮੀਡੀਆ) ਨੇ ਭਾਰਤ ਦੌਰੇ ਸਬੰਧੀ ਹੁਣ ਤੱਕ ਕੁੱਝ ਨਹੀਂ ਵੇਖਿਆ। ਉਡੀਕ ਕਰੋ ਅਤੇ ਵੇਖੋ। ਜੇਕਰ ਮੈਂ ਕਹਿ ਰਿਹਾ ਹਾਂ ਕਿ ਮੇਰੇ ਕੋਲ ਸੂਚਨਾ ਹੈ ਕਿ ਇਹ ਭਾਰਤੀ ਦੌਰੇ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਹੈ ਤਾਂ ਤੁਹਾਨੂੰ ਮੇਰੇ ’ਤੇ ਭਰੋਸਾ ਕਰਨਾ ਚਾਹੀਦਾ ਹੈ।’’
ਉਹ ਅਜਿਹਾ ਕਿਉਂ ਸੋਚਦੇ ਹਨ, ਜਦੋਂ ਇਸ ਬਾਰੇ ਵਿਸਥਾਰ ਨਾਲ ਦੱਸਣ ਨੂੰ ਕਿਹਾ ਗਿਆ ਤਾਂ ਹਸਨ ਨੇ ਸ਼ੱਕ ਪ੍ਰਗਟਾਇਆ ਕਿ ਜਿਸ ਤਰ੍ਹਾਂ ਸੀਨੀਅਰ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਆਪਣੀ ਪਤਨੀ ਦੇ ਕੇਸ ਦਾ ਹਵਾਲਾ ਦੇ ਕੇ ਦੌਰੇ ਤੋਂ ਹਟ ਗਿਆ, ਜਦਕਿ ਸ਼ੁਰੂ ਵਿੱਚ ਉਹ ਸਿਰਫ਼ ਆਖ਼ਰੀ ਟੈਸਟ ’ਚੋਂ ਬਾਹਰ ਰਹਿਣ ’ਤੇ ਸਹਿਮਤ ਹੋਇਆ ਸੀ। ਹਸਨ ਨੇ ਕਿਹਾ, ‘‘ਤਮੀਮ ਨੇ ਸ਼ੁਰੂ ਵਿੱਚ ਮੈਨੂੰ ਦੱਸਿਆ ਸੀ ਕਿ ਉਹ ਆਪਣੇ ਦੂਜੇ ਬੱਚੇ ਦੇ ਜਨਮ ਕਾਰਨ ਸਿਰਫ਼ ਦੂਜੇ ਟੈਸਟ (ਕੋਲਕਾਤਾ ਵਿੱਚ 22 ਤੋਂ 26 ਨਵੰਬਰ) ’ਚੋਂ ਬਾਹਰ ਰਹੇਗਾ। ਹਾਲਾਂਕਿ ਖਿਡਾਰੀਆਂ ਨਾਲ ਮੀਟਿੰਗ ਮਗਰੋਂ ਤਮੀਮ ਮੇਰੇ ਕਮਰੇ ਵਿੱਚ ਆਇਆ ਅਤੇ ਕਿਹਾ ਕਿ ਉਹ ਪੂਰੇ ਦੌਰੇ ’ਚੋਂ ਬਾਹਰ ਰਹਿਣਾ ਚਾਹੁੰਦਾ ਹੈ। ਮੈਂ ਉਸ ਨੂੰ ਪੁੱਛਿਆ ਕਿ ‘ਅਜਿਹਾ ਕਿਉਂ’? ਪਰ ਉਸ ਨੇ ਸਿਰਫ਼ ਇੰਨਾ ਹੀ ਕਿਹਾ ਕਿ ਉਹ ਨਹੀਂ ਜਾਵੇਗਾ।’’ ਬੰਗਲਾਦੇਸ਼ ਕ੍ਰਿਕਟ ਟੀਮ ਦਾ 30 ਅਕਤੂਬਰ ਨੂੰ ਦਿੱਲੀ ਪਹੁੰਚਣ ਦਾ ਪ੍ਰੋਗਰਾਮ ਹੈ।
ਬੀਸੀਬੀ ਪ੍ਰਧਾਨ ਨੂੰ ਸ਼ੱਕ ਹੈ ਕਿ ਕੁੱਝ ਹੋਰ ਖਿਡਾਰੀ ਦੌਰੇ ਤੋਂ ਹਟ ਸਕਦੇ ਹਨ। ਸੀਨੀਅਰ ਖਿਡਾਰੀਆਂ ਵੱਲੋਂ ਅਪਣਾਈ ਰਣਨੀਤੀ ਤੋਂ ਹਸਨ ਹੈਰਾਨ ਹੈ। ਉਸ ਦਾ ਮੰਨਣਾ ਹੈ ਕਿ ਕ੍ਰਿਕਟਰਾਂ ਦੀਆਂ ਮੰਗਾਂ ਨਾਲ ਸਹਿਮਤ ਹੋ ਕੇ ਉਸ ਨੇ ਗ਼ਲਤੀ ਕੀਤੀ।