ਢਾਕਾ, 8 ਦਸੰਬਰ
ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਅੱਜ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏਕੇ ਅਬਦੁਲ ਮੋਮਨ ਨਾਲ ਮੁਲਾਕਾਤ ਕਰਕੇ ਕੋਵਿਡ-19 ਮਹਾਮਾਰੀ ਨਾਲ ਨਠਿੱਜਣ ’ਚ ਸਹਿਯੋਗ ਸਮੇਤ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਹਿਯੋਗ ਨਾਲ ਸਬੰਧਤ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਆਪਣੇ ਦੋ ਰੋਜ਼ਾ ਦੌਰੇ ’ਤੇ ਇੱਥੇ ਪਹੁੰਚੇ ਸ਼੍ਰਿੰਗਲਾ ਨੇ ਆਪਣੇ ਹਮਰੁਤਬਾ ਮਸੂਦ ਬਿਨ ਮੋਮਨ ਨਾਲ ਵੀ ਮੁਲਾਕਾਤ ਕੀਤੀ ਤੇ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ।
ਬੰਗਲਾਦੇਸ਼ ’ਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ, ‘ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਵਿਦੇਸ਼ ਮੰਤਰੀ ਡਾ. ਏਕੇ ਅਬਦੁਲ ਮੋਮਨ ਨਾਲ ਮੁਲਾਕਾਤ ਕੀਤੀ ਤੇ ਕੋਵਿਡ-19 ਨਾਲ ਨਜਿੱਠਣ ’ਚ ਸਹਿਯੋਗ ਸਮੇਤ ਦੁਵੱਲਾ ਸਹਿਯੋਗ ਵਧਾਉਣ ਤੇ ਹੋਰ ਮਸਲਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਮੈਤਰੀ ਦਿਵਸ ਸਬੰਧੀ ਸਾਂਝੇ ਸਮਾਗਮਾਂ ’ਤੇ ਤਸੱਲੀ ਜ਼ਾਹਿਰ ਕੀਤੀ।’ ਇੱਕ ਹੋਰ ਟਵੀਟ ’ਚ ਹਾਈ ਕਮਿਸ਼ਨ ਕਿਹਾ, ‘ਆਪਣੇ ਹਮਰੁਤਬਾ ਨਾਲ ਮੀਟਿੰਗ ਦੌਰਾਨ ਸ਼੍ਰਿੰਗਲਾ ਨੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਕੂਟਨੀਤਕ ਰਿਸ਼ਤਿਆਂ ਦੇ 50 ਸਾਲ ਪੂਰੇ ਹੋਣ ਮੌਕੇ ਸਾਰੇ ਮੋਰਚਿਆਂ ’ਤੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਤੇ ਅੱਗੇ ਵਧਾਉਣ ਬਾਰੇ ਚਰਚਾ ਕੀਤੀ ਹੈ।’
ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਮਸੂਦ ਬਿਨ ਮੋਮਨ ਨੇ ਰਾਜਧਾਨੀ ’ਚ ਹਵਾਈ ਅੱਡੇ ’ਤੇ ਸ਼੍ਰਿੰਗਲਾ ਦਾ ਸਵਾਗਤ ਕੀਤਾ। ਵਿਦੇਸ਼ ਸਕੱਤਰ ਭਲਕੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੀਟਿੰਗ ਕਰਨਗੇ। ਸ਼੍ਰਿੰਗਲਾ ਵੱਲੋਂ ਸੜਕੀ ਆਵਾਜਾਈ ਤੇ ਪੁਲ ਮੰਤਰੀ ਅਤੇ ਹਾਕਮ ਅਵਾਮੀ ਲੀਗ ਦੇ ਜਨਰਲ ਸਕੱਤਰ ਓਬੈਦੁਲ ਕਾਦਰ ਨਾਲ ਮੁਲਾਕਾਤ ਕੀਤੇ ਜਾਣ ਦੀ ਉਮੀਦ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਬੰਗਲਾਦੇਸ਼ ਦੀ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਲੰਮੇ-ਚੌੜੇ ਸਹਿਯੋਗ ਦੀ ਸਮੀਖਿਆ ਕਰਨ ਦਾ ਮੌਕਾ ਦੇਵੇਗੀ।