ਲੰਡਨ : ਬ੍ਰਿਟੇਨ ਨੇ 85 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹੁਣ ਇਲੈਕਟ੍ਰਾਨਿਕ ਟ੍ਰੈਵਲ ਅਥਾਰਾਈਜ਼ੇਸ਼ਨ (ETA) ਲਾਜ਼ਮੀ ਕਰ ਦਿੱਤੀ ਹੈ। ਇਸ ਨਿਯਮ ਦੇ ਤਹਿਤ, ਬਿਨਾਂ ਵੈਧ ETA, ਈ-ਵੀਜ਼ਾ ਜਾਂ ਹੋਰ ਜ਼ਰੂਰੀ ਦਸਤਾਵੇਜ਼ਾਂ ਦੇ, ਏਅਰਲਾਈਨਾਂ ਯਾਤਰੀਆਂ ਨੂੰ ਬੋਰਡਿੰਗ ਦੀ ਇਜਾਜ਼ਤ ਨਹੀਂ ਦੇਣਗੀਆਂ। ਹੁਣ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਬ੍ਰਿਟੇਨ ਜਾਣ ਲਈ ਪਹਿਲਾਂ ਤੋਂ ਮਨਜ਼ੂਰੀ ਲੈਣੀ ਪਵੇਗੀ ਜਿਨ੍ਹਾਂ ਨੂੰ ਪਹਿਲਾਂ ਬਿਨਾਂ ਵੀਜ਼ਾ ਯਾਤਰਾ ਕਰਨ ਦੀ ਛੋਟ ਸੀ।

ਦੱਸ ਦਈਏ ਕਿ ਬ੍ਰਿਟੇਨ ਨੇ ਬੁੱਧਵਾਰ ਤੋਂ ਡਿਜੀਟਲ ਯਾਤਰਾ ਪ੍ਰਣਾਲੀ ਲਾਗੂ ਕਰ ਦਿੱਤੀ ਹੈ ਜਿਸ ਵਿੱਚ ਯਾਤਰੀਆਂ ਲਈ ਲਾਜ਼ਮੀ ਈ-ਵੀਜ਼ਾ ਅਤੇ ਵੀਜ਼ਾ-ਮੁਕਤ ਸੈਲਾਨੀਆਂ ਲਈ ਇਲੈਕਟ੍ਰਾਨਿਕ ਯਾਤਰਾ ਅਧਿਕਾਰ (ETA) ਸ਼ਾਮਲ ਹਨ। ETA ਯੋਜਨਾ 2023 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦੇ ਤਹਿਤ ਜਿਨ੍ਹਾਂ ਯਾਤਰੀਆਂ ਨੂੰ ਵੀਜ਼ਾ ਦੀ ਲੋੜ ਨਹੀਂ ਹੁੰਦੀ, ਉਨ੍ਹਾਂ ਨੂੰ ਯਾਤਰਾ ਤੋਂ ਪਹਿਲਾਂ ਆਨਲਾਈਨ ਅਪਲਾਈ ਕਰਕੇ 16 ਬ੍ਰਿਟਿਸ਼ ਪਾਊਂਡ (ਲਗਭਗ 1,970 ਰੁਪਏ) ਫੀਸ ਦੇ ਕੇ ਪ੍ਰੀ-ਟ੍ਰੈਵਲ ਪਰਮਿਟ ਲੈਣਾ ਹੋਵੇਗਾ।

ETA ਇੱਕ ਡਿਜੀਟਲ ਐਂਟਰੀ ਪਰਮਿਟ ਹੈ ਜੋ ਉਨ੍ਹਾਂ ਵਿਦੇਸ਼ੀ ਯਾਤਰੀਆਂ ਲਈ ਜ਼ਰੂਰੀ ਹੁੰਦਾ ਹੈ ਜਿਨ੍ਹਾਂ ਨੂੰ ਵੀਜ਼ਾ ਦੀ ਲੋੜ ਨਹੀਂ ਹੁੰਦੀ। ਇਹ ਪਾਸਪੋਰਟ ਨਾਲ ਇਲੈਕਟ੍ਰਾਨਿਕ ਰੂਪ ਵਿੱਚ ਜੁੜਿਆ ਹੁੰਦਾ ਹੈ ਅਤੇ ਯਾਤਰੀ ਦੀ ਸੁਰੱਖਿਆ ਜਾਂਚ (Security Check) ਲਈ ਵਰਤਿਆ ਜਾਂਦਾ ਹੈ। ਦੂਜੇ ਪਾਸੇ, ਈ-ਵੀਜ਼ਾ ਇੱਕ ਡਿਜੀਟਲ ਵੀਜ਼ਾ ਹੁੰਦਾ ਹੈ ਜੋ ਪਾਸਪੋਰਟ ‘ਤੇ ਲੱਗਣ ਵਾਲੇ ਕਾਗਜ਼ੀ ਵੀਜ਼ਾ ਸਟਿੱਕਰ ਦੀ ਜਗ੍ਹਾ ਲਵੇਗਾ। ਅਪ੍ਰੈਲ 2024 ਵਿੱਚ ਇਸ ਯੋਜਨਾ ਨੂੰ ਯੂਰਪੀਅਨ ਯਾਤਰੀਆਂ ਤਕ ਵਧਾਇਆ ਗਿਆਸੀ, ਪਰ ਹੁਣ ਤੱਕ ਇਸ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਗਿਆ ਸੀ। 25 ਫਰਵਰੀ 2026 ਤੋਂ ਇਹ ਨਿਯਮ ਪੂਰੀ ਤਰ੍ਹਾਂ ਲਾਗੂ ਹੋ ਗਿਆ ਹੈ। ਇਹ ਨਵੀਂ ਵਿਵਸਥਾ ਪੁਰਾਣੇ ਪਾਸਪੋਰਟਾਂ ‘ਤੇ ਲੱਗਣ ਵਾਲੇ ਕਾਗਜ਼ੀ ਵੀਜ਼ਾ ਸਟਿੱਕਰ (Visa Vignette) ਦੀ ਜਗ੍ਹਾ ਲਵੇਗੀ।

ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਸਰਹੱਦ-ਇਮੀਗ੍ਰੇਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਡਿਜੀਟਲ ਕਰਨ ਦੀਆਂ ਯੋਜਨਾਵਾਂ ਦੇ ਤਹਿਤ ਬਾਇਓਮੈਟ੍ਰਿਕ ਨਿਵਾਸ ਪਰਮਿਟ (BRPs), ਵੀਜ਼ਾ ਵਿਗਨੇਟ ਸਟਿੱਕਰ ਜਾਂ ਸਿਆਹੀ ਸਟੈਂਪ ਵਾਲੇ ਪਾਸਪੋਰਟਾਂ ਨੂੰ ਨਵੇਂ ਸਿਸਟਮ ਵਿੱਚ ਤਬਦੀਲ ਕੀਤਾ ਗਿਆ ਹੈ।

ਬ੍ਰਿਟਿਸ਼ ਅਤੇ ਆਇਰਿਸ਼ ਨਾਗਰਿਕਾਂ, ਦੋਹਰੀ ਨਾਗਰਿਕਤਾ ਰੱਖਣ ਵਾਲਿਆਂ ਅਤੇ ਬ੍ਰਿਟੇਨ ਵਿੱਚ ਰਹਿਣ ਦਾ ਅਧਿਕਾਰ ਰੱਖਣ ਵਾਲੇ ਵਿਅਕਤੀਆਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਗਈ ਹੈ। ਬ੍ਰਿਟੇਨ ਦੇ ਮਾਈਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਈਕ ਟੈਪ ਨੇ ਕਿਹਾ ਕਿ ਇਹ ਕਦਮ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸਿਸਟਮ ਨੂੰ ਵਧੇਰੇ ਆਧੁਨਿਕ ਬਣਾਉਣ ਲਈ ਚੁੱਕਿਆ ਗਿਆ ਹੈ।