ਗ੍ਰੈਂਡ ਫੋਰਕਸ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਗ੍ਰੈਂਡ ਫੋਰਕਸ ਸ਼ਹਿਰ ‘ਚ ਆਏ ਹੜ੍ਹ ਕਾਰਨ ਕਈ ਲੋਕ ਪ੍ਰਭਾਵਿਤ ਹੋਏ ਹਨ। ਇਸ ਇਲਾਕੇ ‘ਚ ਰਹਿ ਰਹੇ 100 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰਾਂ ਨੂੰ ਖਾਲੀ ਕਰਨ ਦੀ ਚਿਤਾਵਨੀ ਦੇ ਦਿੱਤੀ ਗਈ ਹੈ ਅਤੇ ਕਈਆਂ ਨੇ ਘਰ ਖਾਲੀ ਕਰ ਦਿੱਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਈ ਲਗਾਤਾਰ ਬਾਰਸ਼ ਕਾਰਨ ਬਾਊਂਡਰੀ ਖੇਤਰ ‘ਚ ਪਾਣੀ ਖੜ੍ਹਾ ਹੋ ਗਿਆ ਹੈ, ਜੋ ਲੋਕਾਂ ਦੇ ਘਰਾਂ ਅੰਦਰ ਜਾ ਰਿਹਾ ਹੈ। ਲੋਕ ਆਪਣੇ ਜ਼ਰੂਰਤ ਦੇ ਸਾਮਾਨ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਜਾ ਰਹੇ ਹਨ। ਬਚਾਅ ਦਲ ਨੇ ਦੱਸਿਆ ਕਿ ਹਾਲਾਂਕਿ ਅਜੇ ਹੜ੍ਹ ਨੇ ਭਿਆਨਕ ਰੂਪ ਨਹੀਂ ਧਾਰਿਆ ਪਰ ਸੁਰੱਖਿਆ ਕਾਰਨਾਂ ਕਰਕੇ ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਪ੍ਰਭਾਵਿਤ ਹੋਏ ਇਲਾਕਿਆਂ ‘ਚ ਖਾਣ ਲਈ ਭੋਜਨ ਵੰਡਿਆ ਜਾ ਰਿਹਾ ਹੈ।ਬਚਾਅ ਦਲ ਦੇ ਅਧਿਕਾਰੀਆਂ ਨੇ ਕਿਹਾ ਕਿ ਘੱਟ ਤਾਪਮਾਨ ਅਤੇ ਹਲਕੀ ਬਾਰਸ਼ ਕਾਰਨ ਬਚਾਅ ਰਿਹਾ, ਨਹੀਂ ਤਾਂ ਸਥਿਤੀ ਬਹੁਤ ਖਰਾਬ ਹੋ ਸਕਦੀ ਸੀ। ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਕੋ-ਆਰਡੀਨੇਟਰ ਕਰਿੱਸ ਮਾਰਸ਼ ਨੇ ਕਿਹਾ ਕਿ ਉਹ ਕੂਟੇਨੇਈ ਬਾਊਂਡਰੀ ਇਲਾਕੇ ‘ਚ ਬਚਾਅ ਕਾਰਜ ਚਲਾ ਰਹੇ ਹਨ ਅਤੇ ਆਸ ਕਰਦੇ ਹਨ ਕਿ ਜਲਦੀ ਪਾਣੀ ਨੂੰ ਹਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਲੋਕਾਂ ਦਾ ਘਰਾਂ ‘ਚ ਵਾਪਸ ਜਾਣਾ ਬਹੁਤ ਮੁਸ਼ਕਲ ਹੈ। ਲੋਕਾਂ ਦੇ ਜ਼ਰੂਰਤ ਦੇ ਸਾਮਾਨ ਘਰਾਂ ‘ਚ ਹੋਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ 20 ਅਜਿਹੀਆਂ ਰਾਹਤ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜੋ ਉਸੇ ਸਮੇਂ ਕਾਰਵਾਈ ਕਰਦੀਆਂ ਹਨ ਅਤੇ ਇਸ ਸਮੇਂ ਉਹ ਪ੍ਰਭਾਵਿਤ ਹੋਏ ਘਰਾਂ ਦਾ ਜਾਇਜ਼ਾ ਲੈ ਰਹੀਆਂ ਹਨ।