ਮੁੰਬਈ, 21 ਜਨਵਰੀ

ਗਾਇਕਾ ਨੇਹਾ ਭਸੀਨ ਹਾਲ ਹੀ ਵਿੱਚ ਆਪਣੇ ਆਜ਼ਾਦ ਸੰਗੀਤ ਕਰੀਅਰ ’ਤੇ ਧਿਆਨ ਦੇ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਬੌਲੀਵੁੱਡ ਉਸ ਦੀ ਕਲਾਕਾਰ ਵਜੋਂ ਅਹਿਮੀਅਤ ਨਹੀਂ ਸਮਝਦਾ। ਨੇਹਾ ਨੇ ਆਈਏਐੱਨਐੱਸ ਨੂੰ ਦੱਸਿਆ, ‘‘ਮੈਂ ਬੇਤਰਤੀਬੇ ਗੀਤ ਨਹੀਂ ਗਾਉਣਾ ਚਾਹੁੰਦੀ, ਸਿਰਫ਼ ਇਸ ਲਈ ਕਿ ਇਹ ਬੌਲੀਵੁੱਡ ਫ਼ਿਲਮ ਦਾ ਹੈ। ਮੈਂ ਕੁਝ ਵੀ ਅਜਿਹਾ ਨਹੀਂ ਗਾਉਣਾ ਚਾਹੁੰਦੀ, ਜਿਸਨੂੰ ਮੇਰਾ ਦਿਲ ਨਹੀਂ ਮੰਨਦਾ। ਅਜਿਹਾ ਕਹਿਣ ਤੋਂ ਬਾਅਦ, ਮੈਂ ਸੋਚਦੀ ਹਾਂ ਕਿ ਮੈਂ ਜਿੰਨੇ ਵੀ ਗੀਤ ਗਾਏ, ਸਭ ਹਿੱਟ ਹੋਏ ਕਿਉਂਕਿ ਉਹ ਰਚਨਾ ਅਤੇ ਸ਼ਬਦਾਂ ਪੱਖੋਂ ਕਮਾਲ ਦੇ ਸੀ। ਮੇਰੇ ਖਿਆਲ ’ਚ ਸ਼ਾਇਦ ਬੌਲੀਵੁੱਡ ਮੇਰੀ ਅਹਿਮੀਅਤ ਨਹੀਂ ਸਮਝਦਾ’’ ‘ਕੁਛ ਖਾਸ’ ਅਤੇ ‘ਜੱਗ ਘੁੰਮਿਆ’ ਜਿਹੇ ਹਿੱਟ ਬੌਲੀਵੁੱਡ ਗੀਤ ਪੇਸ਼ ਕਰਨ ਵਾਲੀ ਇਸ ਗਾਇਕਾ ਨੂੰ ਲੱਗਦਾ ਹੈ ਕਿ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਚੰਗੇ ਕੰਪੋਜ਼ਰਾਂ ਦੀ ਘਾਟ ਨਹੀਂ ਹੈ। ਉਸ ਨੇ ਕਿਹਾ, ‘‘ਮੈਂ ਕਹਾਂਗੀ ਕਿ ਇੱਥੇ ਵਿਸ਼ਾਲ, ਸ਼ੇਖਰ ਅਤੇ ਸਲੀਮ-ਸੁਲੇਮਾਨ ਜਿਹੇ ਚੰਗੇ ਸੰਗੀਤ ਨਿਰਦੇਸ਼ਕ ਵੀ ਹਨ। ਉਨ੍ਹਾਂ ਵਰਗੇ ਲੋਕ ਚੰਗਾ ਸੰਗੀਤ ਬਣਾ ਰਹੇ ਹਨ ਅਤੇ ਮੇਰੇ ਨਾਲ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹਨ। ਪਰ ਪਿਛਲੇ ਇੱਕ ਸਾਲ ਦੌਰਾਨ ਬੌਲੀਵੁੱਡ ਵਿੱਚ ਬਹੁਤਾ ਅਸਲ ਸੰਗੀਤ ਨਹੀਂ ਬਣਿਆ, ਇਹ ਸਭ ਰੀਮਿਕਸ ਹੈ। ਮੈਂ ਅਜਿਹਾ ਨਹੀਂ ਕਰਨਾ ਚਾਹੁੰਦੀ, ਸੱਚਮੁੱਚ, ਮੇਰੇ ਕੋਲ ਅਜਿਹੇ ਗੀਤ ਗਾਉਣ ਦੀ ਕੋਈ ਵਜ੍ਹਾ ਨਹੀਂ ਹੈ।’’ ਨੇਹਾ ਨੇ ਗਾਇਕਾ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਚੈਨਲ[ਵੀ] ਆਲ-ਗਰਲਜ਼ ਪੌਪ ਬੈਂਡ ਵੀਵਾ ਜ਼ਰੀਏ ਕੀਤੀ ਸੀ। ਹਾਲ ਹੀ ਵਿੱਚ ਨੇਹਾ ਨੇ ਨਵੀਂ ਮਿਊਜ਼ਕ ਵੀਡੀਓ ‘ਤੂੰ ਕੀ ਜਾਨੇ’ ਰਿਲੀਜ਼ ਕੀਤੀ ਹੈ, ਜਿਸ ਵਿੱਚ ਨਾ ਸਿਰਫ਼ ਆਪਣੀ ਆਵਾਜ਼ ਰਾਹੀਂ, ਬਲਕਿ ਵੀਡੀਓ ਵਿੱਚ ਮਾਡਲ ਬਰਦੀਪ ਧੀਮਾਨ ਨਾਲ ਵੀ ਦਮਦਾਰ ਭੂੁਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਦਾਅਵਾ ਕਰਦਿਆਂ ਕਿਹਾ ਕਿ ਆਜ਼ਾਦ ਸੰਗੀਤ ਲਈ ਇਹੀ ਢੁੱਕਵਾਂ ਸਮਾਂ ਹੈ।