ਮੁੰਬਈ, 16 ਫਰਵਰੀ

ਪੁਲੀਸ ਨੇ ਦੱਸਿਆ ਹੈ ਕਿ ਅਦਾਕਾਰ ਸੰਦੀਪ ਨਾਹਰ ਨੇ ਸੋਮਵਾਰ ਸ਼ਾਮ ਨੂੰ ਮੁੰਬਈ ਵਿੱਚ ਵੀਡੀਓ ਅਤੇ “ਸੁਸਾਈਡ ਨੋਟ” ਪੋਸਟ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਉਸ ਨੇ ਕਿਹਾ ਹੈ ਕਿ ਉਹ ਆਪਣੀ ਪਤਨੀ ਤੇ ਬਾਲੀਵੁੱਡ ਵਿਚਲੀ “ਰਾਜਨੀਤੀ” ਤੋਂ ਤੰਗ ਆ ਕੇ ਜਾਨ ਦੇ ਰਿਹਾ ਹੈ। ਨਾਹਰ, ਜੋ ਆਪਣੇ 30ਵਿਆਂ ਵਿਚ ਸੀ ਅਤੇ ਅਕਸ਼ੈ ਕੁਮਾਰ ਦੀ ‘ਕੇਸਰੀ’ ਅਤੇ ਸੁਸ਼ਾਂਤ ਸਿੰਘ ਰਾਜਪੂਤ ਸਟਾਰਰ ਫਿਲਮ ‘ਐੱਮਐੱਸ ਧੋਨੀ’ ਵਰਗੀਆਂ ਫਿਲਮਾਂ ‘ਚ ਨਜ਼ਰ ਆਇਆ ਸੀ, ਨੂੰ ਬੀਤੀ ਸ਼ਾਮ ਉਸ ਦੇ ਫਲੈਟ ਵਿੱਚ ਬੇਹੋਸ਼ ਦੇਖਿਆ ਤੇ ਇਸ ਤੋਂ ਬਾਅਦ ਉਸ ਦੀ ਪਤਨੀ ਕੰਚਨ ਅਤੇ ਦੋਸਤਾਂ ਨੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਅਦਾਕਾਰ ਨੇ ਨੌਂ ਮਿੰਟ ਦੀ ਵੀਡੀਓ ਦੇ ਨਾਲ, ਫੇਸਬੁੱਕ ਉੱਤੇ “ਸੁਸਾਈਡ ਨੋਟ” ਪੋਸਟ ਕੀਤਾ ਸੀ। ਪੁਲੀਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਅਦਾਕਾਰ ਨੇ ਆਪਣੇ ਗੋਰੇਗਾਉਂ ਸਥਿਤ ਫਲੈਟ ਵਿਚਲੇ ਬੈੱਡਰੂਮ ਵਿੱਚ ਫਾਹਾ ਲੈ ਕੇ ਜਾਨ ਦਿੱਤੀ।