ਨਵੀਂ ਦਿੱਲੀ, ਫਾਰਵਰਡ ਲਲਿਤ ਉਪਾਧਿਆਇ ਅਤੇ ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਦੀ ਅੱਜ ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਵਾਪਸੀ ਹੋ ਗਈ ਹੈ, ਜੋ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ 26 ਸਤੰਬਰ ਤੋਂ ਤਿੰਨ ਅਕਤੂਬਰ ਤੱਕ ਬੈਲਜੀਅਮ ਦੌਰੇ ’ਤੇ ਜਾਵੇਗੀ। ਭਾਰਤੀ ਟੀਮ ਇੱਕ ਹਫ਼ਤੇ ਦੇ ਦੌਰੇ ’ਤੇ ਬੈਲਜੀਅਮ ਖ਼ਿਲਾਫ਼ ਤਿੰਨ ਮੈਚ ਅਤੇ ਸਪੇਨ ਖ਼ਿਲਾਫ਼ ਦੋ ਮੈਚ ਖੇਡੇਗੀ।
ਲਲਿਤ ਉਪਾਧਿਆਇ ਨੇ ਭੁਬਨੇਸ਼ਵਰ ਵਿੱਚ ਪੁਰਸ਼ ਵਿਸ਼ਵ ਕੱਪ ਖੇਡਣ ਮਗਰੋਂ ਟੀਮ ਵਿੱਚ ਵਾਪਸੀ ਕੀਤੀ ਹੈ, ਜਦਕਿ ਰੁਪਿੰਦਰਪਾਲ ਨੇ ਇਸ ਸਾਲ ਦੇ ਸ਼ੁਰੂ ਵਿੱਚ ਓਲੰਪਿਕ ਟੈਸਟ ਟੂਰਨਾਮੈਂਟ ਨਹੀਂ ਖੇਡਿਆ ਸੀ। ਗੋਲਕੀਪਰ ਪੀਆਰ ਸ੍ਰੀਜੇਸ਼ ਓਲੰਪਿਕ ਟੈਸਟ ਟੂਰਨਾਮੈਂਟ ਵਿੱਚ ਆਰਾਮ ਮਗਰੋਂ ਟੀਮ ਨਾਲ ਜੁੜਿਆ ਹੈ, ਜਦਕਿ ਕ੍ਰਿਸ਼ਨ ਬੀ ਪਾਠਕ 20 ਮੈਂਬਰੀ ਟੀਮ ਵਿੱਚ ਦੂੁਜਾ ਗੋਲਕੀਪਰ ਹੋਵੇਗਾ। ਮੁੱਖ ਕੋਚ ਗਰਾਹਮ ਰੀਡ ਰੁਪਿੰਦਰਪਾਲ ਦੀ ਵਾਪਸੀ ਤੋਂ ਖ਼ੁਸ਼ ਹਨ। ਕੋਚ ਨੇ ਬੈਲਜੀਅਮ ਦੌਰੇ ਨੂੰ ਉੜੀਸਾ ਵਿੱਚ ਰੂਸ ਖ਼ਿਲਾਫ਼ ਹੋਣ ਵਾਲੇ ਐੱਫਆਈਐੱਚ ਓਲੰਪਿਕ ਕੁਆਲੀਫਾਇਰ ਮੈਚ ਤੋਂ ਪਹਿਲਾਂ ਬਿਹਤਰੀਨ ਮੌਕਾ ਦੱਸਿਆ। ਉਸ ਨੇ ਕਿਹਾ, ‘‘ਬੈਲਜੀਅਮ ਦੀ ਟੀਮ ਮਜ਼ਬੂਤ ਹੈ ਅਤੇ ਜੇਕਰ ਅਸੀਂ ਮੇਜ਼ਬਾਨ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਦੇ ਹਾਂ ਤਾਂ ਰੂਸ ਖ਼ਿਲਾਫ਼ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਟੀਮ ਦਾ ਆਤਮਵਿਸ਼ਵਾਸ ਕਾਫ਼ੀ ਵਧਿਆ ਹੋਵੇਗਾ। ਅਸੀਂ ਸਪੇਨ ਤੋਂ ਵੀ ਸਖ਼ਤ ਚੁਣੌਤੀ ਮਿਲਣ ਦੀ ਉਮੀਦ ਕਰ ਰਹੇ ਹਾਂ।’’
ਭਾਰਤੀ ਟੀਮ:- ਗੋਲਕੀਪਰ: ਪੀਆਰ ਸ੍ਰੀਜੇਸ਼, ਕ੍ਰਿਸ਼ਨ ਬੀ ਪਾਠਕ; ਡਿਫੈਂਡਰ: ਹਰਮਨਪ੍ਰੀਤ ਸਿੰਘ (ਉਪ-ਕਪਤਾਨ), ਸੁਰਿੰਦਰ ਕੁਮਾਰ, ਬੀਰੇਂਦਰ ਲਾਕੜਾ, ਵਰੁਣ ਕੁਮਾਰ, ਅਮਿਤ ਰੋਹਿਦਾਸ, ਗੁਰਿੰਦਰ ਸਿੰਘ, ਖਦੰਗਬਮ ਕੋਥਾਜੀਤ ਸਿੰਘ, ਰੁਪਿੰਦਰਪਾਲ ਸਿੰਘ; ਮਿਡਫੀਲਡਰ: ਮਨਪ੍ਰੀਤ ਸਿੰਘ (ਕਪਤਾਨ), ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਨੀਲਕਾਂਤਾ ਸ਼ਰਮਾ; ਫਾਰਵਰਡ: ਮਨਦੀਪ ਸਿੰਘ, ਐੱਸਵੀ ਸੁਨੀਲ; ਲਲਿਤ ਕੁਮਾਰ ਉਪਾਧਿਆਇ, ਰਮਨਦੀਪ ਸਿੰਘ, ਸਿਮਰਨਜੀਤ ਸਿੰਘ, ਅਕਾਸ਼ਦੀਪ ਸਿੰਘ।