ਦੁਬਈ:ਭਾਰਤ ਦਾ ਸਟਾਰ ਖਿਡਾਰੀ ਲਕਸ਼ੈ ਸੇਨ ਅੱਜ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ਦੇ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਿਆ ਜਦਕਿ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼, ਕਿਦਾਂਬੀ ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਅਤੇ ਤ੍ਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਮਹਿਲਾ ਡਬਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਸੇਨ ਨੂੰ ਦੁਨੀਆ ਦੇ ਸੱਤਵੇਂ ਨੰਬਰ ਦੇ ਖਿਡਾਰੀ ਲੋਹ ਕੀਨ ਯਿਊ ਤੋਂ 7-21, 21-23 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਧਰ ਸਿੰਧੂ ਨੇ ਚੀਨੀ ਤੈਪਈ ਦੀ ਵੇਨ ਚੀ ਸੂ ਨੂੰ 21-15, 21-20 ਅਤੇ ਕਿਦਾਂਬੀ ਸ੍ਰੀਕਾਂਤ ਨੇ ਅਦਨਾਨ ਇਬਰਾਹਿਮ ਨੂੰ 21-13, 21-8 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਜੇਤੂ ਜੋੜੀ ਤ੍ਰੀਸਾ ਅਤੇ ਗਾਇਤਰੀ ਨੇ ਇੰਡੋਨੇਸ਼ੀਆ ਦੀ ਲਾਨੀ ਤ੍ਰਿਆ ਮਾਯਾਸਾਰੀ ਅਤੇ ਰਿਬਕਾ ਸੁਗਿਆਰਤੋ ਨੂੰ 17-21, 21-17, 21-18 ਨਾਲ ਹਰਾਇਆ। ਪਹਿਲੀ ਗੇਮ ਹਾਰਨ ਤੋਂ ਬਾਅਦ ਦੋਵਾਂ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਦੂਜੀ ਗੇਮ ਵਿੱਚ 5-0 ਨਾਲ ਲੀਡ ਲੈ ਲਈ। ਇਹ ਗੇਮ ਜਿੱਤ ਕੇ ਉਨ੍ਹਾਂ ਮੁਕਾਬਲਾ ਫੈਸਲਾਕੁਨ ਗੇਮ ਤੱਕ ਖਿੱਚਿਆ। ਤੀਜੀ ਗੇਮ ਵਿੱਚ ਮੁਕਾਬਲਾ ਬਰਾਬਰੀ ਦਾ ਰਿਹਾ। ਇੱਕ ਵੇਲੇ ਭਾਰਤੀ ਜੋੜੀ 15-16 ਨਾਲ ਪੱਛੜ ਰਹੀ ਸੀ ਪਰ ਬਾਅਦ ਵਿੱਚ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੁਕਾਬਲਾ ਜਿੱਤ ਲਿਆ। ਇਸ ਦੌਰਾਨ ਰੋਹਨ ਕਪੂਰ ਅਤੇ ਐੱਨ ਸਿੱਕੀ ਰੈੱਡੀ ਨੇ ਮਿਕਸਡ ਡਬਲਜ਼ ਦੇ ਪਹਿਲੇ ਗੇੜ ਵਿੱਚ ਮਲੇਸ਼ੀਆ ਦੇ ਚਾਂ ਪੇਂਗ ਸੂੰ ਅਤੇ ਚਿਆ ਯੀ ਸੀ ਨੂੰ 21-12, 21-16 ਨਾਲ ਹਰਾਇਆ। ਇਸ ਦੌਰਾਨ ਮਹਿਲਾ ਸਿੰਗਲਜ਼ ਵਿੱਚ ਮਾਲਵਿਕਾ ਅਤੇ ਆਕਰਸ਼ੀ ਕਸ਼ਯਪ, ਪੁਰਸ਼ ਡਬਲਜ਼ ਵਿੱਚ ਕੇਪੀ ਗਰਗ ਤੇ ਵਿਸ਼ਨੂਵਰਧਨ ਗੌੜ ਦੀ ਜੋੜੀ ਅਤੇ ਪੀਐੱਸ ਰਵੀਕ੍ਰਿਸ਼ਨਾ ਤੇ ਸੰਕਰ ਪ੍ਰਸਾਦ ਉਦੈਕੁਮਾਰ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਮਹਿਲਾ ਡਬਲਜ਼ ਵਿੱਚ ਅਸ਼ਵਨੀ ਭੱਟ ਅਤੇ ਸ਼ਿਖਾ ਗੌਤਮ ਦੀ ਜੋੜੀ ਤੇ ਹਰਿਤਾ ਐੱਮ ਅਤੇ ਆਸ਼ਨਾ ਰੌਏ ਦੀ ਜੋੜੀ ਵੀ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਈ ਹੈ।