ਪੁਨਾਜਾਇਆ (ਮਲੇਸ਼ੀਆ), 14 ਜੂਨ
ਕੈਂਸਰ ਨਾਲ ਜੁਝਣ ਵਾਲੇ ਬੈਡਮਿੰਟਨ ਸਟਾਰ ਲੀ ਚੋਂਗ ਵੇਈ ਨੇ ਵੀਰਵਾਰ ਨੂੰ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ ਜਿਸ ਨਾਲ ਇਕ ਬਿਹਤਰੀਨ ਕਰੀਅਰ ਦਾ ਵੀ ਅੰਤ ਹੋ ਗਿਆ। ਆਪਣੇ ਕਰੀਅਰ ’ਚ ਉਸ ਨੇ ਕਈ ਖ਼ਿਤਾਬ ਜਿੱਤੇ ਪਰ ਓਲੰਪਿਕ ਸੋਨ ਤਗਮਾ ਜਿੱਤਣ ਦਾ ਉਸ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਲੀ ਇਥੇ ਪੱਤਰਕਾਰ ਸੰਮੇਲਨ ਵਿੱਚ ਸੰਨਿਆਸ ਲੈਣ ਦੀ ਘੋਸ਼ਣਾ ਕਰਦਿਆਂ ਭਾਵੁਕ ਹੋ ਗਏ ਅਤੇ ਅੱਖਾਂ ਨਮ ਹੋ ਗਈਆਂ। ਇਸ 36 ਸਾਲਾ ਸਟਾਰ ਨੇ ਕਿਹਾ, ‘‘ਮੈਂ ਭਾਰੀ ਮਨ ਨਾਲ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਮੈਂ ਅਸਲ ਵਿੱਚ ਇਸ ਖੇਡ ਨੂੰ ਬਹੁਤ ਚਾਹੁੰਦਾ ਹਾਂ ਲੇਕਿਨ ਇਹ ਕਾਫ਼ੀ ਦਮਖ਼ਮ ਵਾਲਾ ਖੇਡ ਹੈ। ਮੈਂ ਪਿਛਲੇ 19 ਸਾਲਾਂ ਦੇ ਸਹਿਯੋਗ ਅਤੇ ਸਮਰਥਨ ਲਈ ਮਲੇਸ਼ੀਆ ਵਾਸੀਆਂ ਦਾ ਧੰਨਵਾਦ ਕਰਦਾ ਹਾਂ।’’ ਦੋ ਬੱਚਿਆਂ ਦੇ ਪਿਤਾ ਲੀ ਨੂੰ ਪਿਛਲੇ ਸਾਲ ਨੱਕ ਦੇ ਕੈਂਸਰ ਦਾ ਪਤਾ ਲੱਗਾ ਸੀ ਜੋ ਅਜੇ ਸ਼ੁਰੂਆਤੀ ਦੌਰ ਵਿਚ ਹੈ। ਇਸ ਤੋਂ ਬਾਅਦ ਉਸ ਨੇ ਤਾਈਵਾਨ ’ਚ ਇਲਾਜ ਕਰਵਾਇਆ ਅਤੇ ਕਿਹਾ ਕਿ ਉਹ ਵਾਪਸੀ ਕਰਨ ਲਈ ਬੇਤਾਬ ਹੈ। ਉਸ ਨੇ ਹਾਲਾਂਕਿ ਅਪਰੈਲ ਵਿੱਚ ਪੈ੍ਕਟਿਸ ਨਹੀਂ ਕੀਤੀ। ਓਲੰਪਿਕ ’ਚ ਤਿੰਨ ਵਾਸ ਕਾਂਸੇ ਦਾ ਤਗਮਾ ਜੇਤੂ ਲੀ ਨੇ ਕਿਹਾ ਕਿ ਉਹ ਆਰਾਮ ਕਰਕੇ ਆਪਣੇ ਪਰਿਵਾਰ ਨਾਲ ਸਮਾਂ ਬਤਾਉਣਾ ਪਸੰਦ ਕਰੇਗਾ ਅਤੇ ਆਪਣੀ ਪਤਨੀ ਨੂੰ ‘ਹਨੀਮੂਨ’ ’ਤੇ ਲੈ ਕੇ ਜਾਏਗਾ ਕਿਉਂਕਿ 2012 ਵਿੱਚ ਵਿਆਹ ਤੋਂ ਬਾਅਦ ਉਹ ਲਗਾਤਾਰ ਇਸ ਨੂੰ ਟਾਲਦਾ ਰਿਹਾ ਹੈ।