ਫੁਜ਼ਾਓ, 5 ਨਵੰਬਰ
ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਚੀਨ ਓਪਨ ਖ਼ਿਤਾਬ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ ਪਰ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਮੰਗਲਵਾਰ ਤੋਂ ਇਸ ਟੂਰਨਾਮੈਂਟ ਤੋਂ ਸੱਤ ਲੱਖ ਡਾਲਰ ਦੀ ਇਨਾਮੀ ਰਕਮ ਵਾਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰਨਗੀਆਂ। ਵਿਸ਼ਵ ਰੈਂਕਿੰਗ ਵਿਚ ਸਾਬਕਾ ਨੰਬਰ ਇਕ ਭਾਰਤੀ ਖਿਡਾਰੀ ਸ਼੍ਰੀਕਾਂਤ ਦਾ ਸਾਹਮਣਾ ਵਿਸ਼ਵ ਚੈਂਪੀਅਨ ਅਤੇ ਜਾਪਾਨ ਦੇ ਨੰਬਰ ਇਕ ਖਿਡਾਰੀ ਕੈਂਟੋ ਮੋਮੋਟਾ ਨਾਲ ਹੋਣਾ ਸੀ ਪਰ ਉਨ੍ਹਾਂ ਟੂਰਨਾਮੈਂਟ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ। ਸ਼੍ਰੀਕਾਂਤ ਅਗਲੇ ਹਫ਼ਤੇ ਖੇਡੇ ਜਾਣ ਵਾਲੇ ਹਾਂਗ-ਕਾਂਗ ਓਪਨ ਵਰਲਡ ਟੂਰ ਸੁਪਰ 500 ਮੁਕਾਬਲੇ ਵਿੱਚ ਹਿੱਸਾ ਲੈਣਗੇ। ਭਾਰਤ ਸਿੰਧੂ ਅਤੇ ਸਾਇਨਾ ਦੀਆਂ ਖੇਡਾਂ ‘ਤੇ ਨਜ਼ਰ ਰੱਖੇਗਾ ਜਿਨ੍ਹਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਂਦੀ ਹੈ। ਸਿੰਗਲਜ਼ ਵਿਚ ਇਨ੍ਹਾਂ ਦੋਵਾਂ ਮਹਿਲਾ ਖਿਡਾਰੀਆਂ ਤੋਂ ਇਲਾਵਾ, ਡਬਲਜ਼ ਵਿਚ ਸਤਵਿਕਸੈਰਾਜ ਰੰਕੀਰੇਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਸਿੰਧੂ ਅਤੇ ਸਾਇਨਾ ਨੇ ਚੀਨ, ਕੋਰੀਆ ਅਤੇ ਡੈਨਮਾਰਕ ਵਿਚ ਖੇਡੇ ਗਏ ਪਿਛਲੇ ਤਿੰਨ ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਭਾਰਤੀ ਖਿਡਾਰੀਆਂ ਨੇ ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਕੇ ਤਾਲ ਵਿਚ ਹੋਣ ਦਾ ਸੰਕੇਤ ਦਿੱਤਾ। ਸਿੰਧੂ, ਜਿਸ ਨੇ ਇਸ ਸਾਲ ਅਗਸਤ ਵਿਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ, ਨੂੰ ਛੇਵਾਂ ਦਰਜਾ ਪ੍ਰਾਪਤ ਹੋਇਆ ਹੈ ਅਤੇ ਉਸ ਦਾ ਮੁਕਾਬਲਾ ਪਹਿਲੇ ਗੇੜ ਵਿਚ ਜਰਮਨੀ ਦੀ ਯੁਵੋਨੇ ਲੀ ਨਾਲ ਹੋਵੇਗਾ। ਅੱਠਵਾਂ ਦਰਜਾ ਪ੍ਰਾਪਤ ਸਾਇਨਾ ਦਾ ਸਾਹਮਣਾ ਚੀਨ ਦੀ ਕਾਈ ਯਾਨ ਯਾਨ ਨਾਲ ਹੋਵੇਗਾ। ਜੇ ਸਿੰਧੂ ਸ਼ੁਰੂਆਤੀ ਚੁਣੌਤੀ ਨੂੰ ਪਾਰ ਕਰਨ ਵਿਚ ਸਫਲ ਰਹਿੰਦੀ ਹੈ, ਤਾਂ ਉਸ ਨੂੰ ਕੁਆਰਟਰ ਫਾਈਨਲ ਵਿਚ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਕੈਰੋਲੀਨਾ ਮਰੀਨ ਜਾਂ ਵਿਸ਼ਵ ਦੀ ਨੰਬਰ ਇਕ ਤਾਈ ਤਜ਼ੂ ਯਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਇਨਾ ਦਾ ਫਾਈਨਲ ਵਿੱਚ ਜਾਪਾਨ ਦੀ ਦੂਜਾ ਦਰਜਾ ਪ੍ਰਾਪਤ ਅਕਾਨੇ ਯਾਮਾਗੁਚੀ ਨਾਲ ਸਾਹਮਣਾ ਹੋ ਸਕਦਾ ਹੈ।