ਟੋਕੀਓ, 28 ਜੁਲਾਈ

ਭਾਰਤ ਦੇ ਐੱਚ.ਐੱਸ ਪ੍ਰਣੌਏ, ਲਕਸ਼ੈ ਸੇਨ ਅਤੇ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਜਪਾਨ ਓਪਨ ਬੈਡਮਿੰਟਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ 21 ਸਾਲ ਦੇ ਸੇਨ ਨੇ ਜਪਾਨ ਦੇ ਕੇਂਟਾ ਸੁਨੇਯਾਮਾ ਨੂੰ 21-14, 21-16 ਨਾਲ ਹਰਾਇਆ। ਕੋਰੀਆ ਓਪਨ ਜਿੱਤਣ ਵਾਲੇ ਸਾਤਵਿਕ ਸਾਈਰਾਜ ਅਤੇ ਚਿਰਾਗ ਨੇ ਡੈਨਮਾਰਕ ਦੇ ਲਾਸੇ ਮੋਹੇਡੇ ਅਤੇ ਜੇਪੇ ਬੇਅ 21-17, 21-11 ਨਾਲ ਹਰਾਇਆ।

ਇਸੇ ਦੌਰਾਨ ਪ੍ਰਣੌਏ ਨੇ ਹਮਵਤਨ ਕਿਦਾਂਬੀ ਸ੍ਰੀਕਾਂਤ ਨੂੰ 19-21, 21-9, 21-9 ਨਾਲ ਹਰਾਇਆ। ਮਹਿਲਾ ਡਬਲਜ਼ ਵਿੱਚ ਗਾਇਤਰੀ ਗੋਪੀਚੰਦ ਅਤੇ ਤਰੀਸਾ ਜੌਲੀ ਨੂੰ ਨਾਮੀ ਮਤਸੁਯਾਮਾ ਅਤੇ ਚਿਰਾਰੂ ਸ਼ਿਡਾ ਨੇ 21-21, 21-19 ਨਾਲ ਹਰਾਇਆ। ਸੇਨ ਨੇ 50 ਮਿੰਟ ਤੱਕ ਚੱਲੇ ਮੁਕਾਬਲੇ ਦੌਰਾਨ ਜਾਪਾਨੀ ਖਿਡਾਰੀ ਨੂੰ ਹਰਾਇਆ। ਪਹਿਲੀ ਗੇਮ ਜਿੱਤਣ ਮਗਰੋਂ ਉਸ ਨੇ ਸੁਨੇਯਾਮਾ ਨੂੰ ਵਾਪਸੀ ਦਾ ਇੱਕ ਵੀ ਮੌਕਾ ਨਹੀਂ ਦਿੱਤਾ। ਇਸੇ ਤਰ੍ਹਾਂ ਪ੍ਰਣੌਏ ਪਹਿਲੀ ਗੇਮ ਹਾਰ ਗਿਆ ਪਰ ਸ਼ਾਨਦਾਰ ਵਾਪਸੀ ਕਰਦਿਆਂ ਉਸ ਨੇ ਦੋ ਗੇਮ ਜਿੱਤੇ। ਸਾਤਵਿਕ ਅਤੇ ਚਿਰਾਗ ਲਈ ਮੁਕਾਬਲਾ ਲਗਭਗ ਇੱਕ ਪਾਸੜ ਰਿਹਾ, ਜਿਸ ’ਚ ਉਨ੍ਹਾਂ ਸਿੱਧੇ ਸੈੱਟਾਂ ’ਚ ਜਿੱਤ ਦਰਜ ਕੀਤੀ।

ਇਸ ਸੈਸ਼ਨ ਵਿੱਚ ਸਾਤਵਿਕ ਅਤੇ ਚਿਰਾਗ ਨੇ ਕੋਰੀਆ ਓਪਨ ਸੁਪਰ 500, ਸਵਿੱਸ ਓਪਨ ਸੁਪਰ 300 ਅਤੇ ਇੰਡੋਨੇਸ਼ੀਆ ਓਪਨ ਸੁਪਰ 1000 ਖਿਤਾਬ ਜਿੱਤੇ ਹਨ।