ਤੇਪਈ, 21 ਜੂਨ
ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣੌਏ ਅਤੇ ਪਾਰੂਪਲੀ ਕਸ਼ਿਅਪ ਨੇ ਅੱਜ ਇੱਥੇ ਤਾਇਪੈ ਓਪਨ ਦੇ ਪੁਰਸ਼ ਸਿੰਗਲਜ਼ ਵਿੱਚ ਆਪੋ-ਆਪਣੇ ਮੁਕਾਬਲੇ ਜਿੱਤ ਕੇ ਪ੍ਰੀ-ਕੁਆਰਟਰਜ਼ ਵਿੱਚ ਥਾਂ ਬਣਾ ਲਈ ਹੈ। ਦੁਨੀਆਂ ਦੇ ਨੌਵੇਂ ਨੰਬਰ ਦੇ ਖਿਡਾਰੀ ਪ੍ਰਣੌਏ ਨੇ ਬੀਐੱਮਡਬਲਿਊ ਵਰਲਡ ਟੂਰ ਸੁਪਰ 300 ਟੂਰਨਾਮੈਂਟ ਦਾ ਸ਼ੁਰੂਆਤੀ ਮੈਚ 26 ਮਿੰਟ ਵਿੱਚ ਜਿੱਤ ਲਿਆ। ਉਸ ਨੇ ਮੇਜ਼ਬਾਨ ਲਿਨ ਯੂ-ਸੀਨ ਨੂੰ 21-11, 21-10 ਨਾਲ ਸ਼ਿਕਸਤ ਦਿੱਤੀ। ਪ੍ਰਣੌਏ ਨੇ ਪਿਛਲੇ ਮਹੀਨੇ ਮਲੇਸ਼ੀਆ ਮਾਸਟਰਜ਼ ਸੁਪਰ 300 ਦਾ ਖ਼ਿਤਾਬ ਜਿੱਤਿਆ ਸੀ। ਉਹ ਹੁਣ ਅਗਲੇ ਗੇੜ ਵਿੱਚ ਇੰਡੋਨੇਸ਼ੀਆ ਦੇ ਟੌਮੀ ਸੁਗਿਆਰਤੋ ਨਾਲ ਭਿੜੇਗਾ।

ਇਸੇ ਦੌਰਾਨ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਕਸ਼ਿਅਪ ਨੇ ਜਰਮਨੀ ਦੇ ਸੈਮੂਅਲ ਸਿਆਓ ਨੂੰ 21-15, 21-16 ਨਾਲ ਹਰਾਇਆ। ਉਸ ਦੀ ਅਗੜੇ ਗੇੜ ’ਚ ਮੇਜ਼ਬਾਨ ਸੂ ਲੀ ਯਾਂਗ ਨਾਲ ਟੱਕਰ ਹੋਵੇਗੀ। ਹਾਲਾਂਕਿ, ਕੌਮੀ ਚੈਂਪਅਨ ਮਿਥੁਨ ਮੰਜੂਨਾਥ ਮੇਜ਼ਬਾਨ ਖਿਡਾਰੀ ਚਾਊ ਟੀਨ ਚੇਨ ਤੋਂ 18-21, 21-14, 16-21 ਨਾਲ ਹਾਰ ਗਿਆ। ਮਹਿਲਾ ਸਿੰਗਲਜ਼ ਵਿੱਚ ਤਾਨੀਆ ਹੇਮੰਤ ਨੇ ਹੰਗਰੀ ਦੇ ਅਗਨੇਸ ਕੋਰੋਸੀ ਨੂੰ 21-7, 21-17 ਨਾਲ ਮਾਤ ਦਿੱਤੀ।