ਕੋਪਨਹੇਗਨ, 22 ਅਗਸਤ
ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣੌਏ ਅੱਜ ਇੱਥੇ ਫਿਨਲੈਂਡ ਦੇ ਕੱਲੇ ਕੋਲਜੋਨੇਨ ’ਤੇ ਸਿੱਧੀ ਖੇਡ ’ਚ ਜਿੱਤ ਸਦਕਾ ਵਿਸ਼ਵ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਦੇ ਦੂੁਜੇ ਗੇੜ ਵਿੱਚ ਦਾਖ਼ਲ ਹੋ ਗਿਆ ਹੈ। ਦੁਨੀਆ ਦਾ ਨੌਵੇਂ ਨੰਬਰ ਦਾ ਖਿਡਾਰੀ ਪ੍ਰਣੌਏ ਵਿਸ਼ਵ ਚੈਂਪੀਅਨਸ਼ਿਪ ਦੇ ਪਿਛਲੇ ਦੋ ਸੈਸ਼ਨ ਵਿੱਚ ਕੁਆਰਟਰ ਫਾਈਨਲ ਤੱਕ ਪਹੁੰਚਿਆ ਸੀ। ਉਸ ਨੇ ਕੋਲਜੋਨੇਨ ਨੂੰ ਸਿੱਧੇ ਗੇਮਾਂ ਵਿੱਚ 24-22, 21-10 ਨਾਲ ਹਰਾਇਆ। ਪ੍ਰਣੌਏ ਦੀ ਫਿਨਲੈਂਡ ਦੇ ਇਸ ਖਿਡਾਰੀ ਖ਼ਿਲਾਫ਼ ਤਿੰਨ ਮੈਚਾਂ ਦੌਰਾਨ ਇਹ ਤੀਜੀ ਜਿੱਤ ਹੈ। ਕੋਲਜੋਨੇਨ ਨੇ ਸ਼ੁਰੂਆਤੀ ਖੇਡ ਵਿੱਚ ਪ੍ਰਣੌਏ ਨੂੰ ਸਖ਼ਤ ਮੁਕਾਬਲਾ ਦਿੱਤਾ ਪਰ ਇਸ ਭਾਰਤੀ ਖਿਡਾਰੀ ਨੇ ਦੂਜੀ ਖੇਡ ਨੂੰ ਇੱਕ-ਤਰਫ਼ਾ ਖੇਡਦਿਆਂ ਮੈਚ ਆਪਣੇ ਨਾਂ ਕੀਤਾ। ਪਹਿਲੀ ਖੇਡ ਵਿੱਚ ਕੋਲਜੋਨੇਨ ਨੇ ਪ੍ਰਣੌਏ ’ਤੇ 8-4 ਦੀ ਲੀਡ ਨਾਲ ਚੰਗੀ ਸ਼ੁਰੂਆਤ ਕੀਤੀ। ਹਾਲਾਂਕਿ ਇਸ ਮਗਰੋਂ ਪ੍ਰਣੌਏ ਨੇ ਵਾਪਸੀ ਕਰਦਿਆਂ ਬਰੇਕ ਸਮੇਂ ਤੱਕ 11-8 ਨਾਲ ਤਿੰਨ ਅੰਕਾਂ ਦੀ ਲੀਡ ਲੈ ਲਈ। ਇਸ ਉਪਰੰਤ ਕੋਲਜੋਨੇਨ ਨੇ ਤਿੰਨ ਗੇਮ ਪੁਆਇੰਟ ਹਾਸਲ ਕੀਤੇ ਪਰ ਪ੍ਰਣੌਏ ਨੇ ਧੀਰਜ ਬਣਾਈ ਰੱਖਿਆ ਅਤੇ ਤਿੰਨੋਂ ਗੇਮ ਪੁਆਇੰਟ ਬਚਾਉਂਦਿਆਂ ਵਾਪਸੀ ਕੀਤੀ। ਦੂਜੀ ਗੇਮ ਦੀ ਸ਼ੁਰੂਆਤ ਵਿੱਚ ਹੀ ਦੋਵਾਂ ਖਿਡਾਰੀਆਂ ’ਚ ਸਖ਼ਤ ਮੁਕਾਬਲਾ ਸੀ ਪਰ ਪ੍ਰਣੌਏ ਨੇ 6-5 ਨਾਲ ਲੀਡ ਲੈਣ ਮਗਰੋਂ ਬਰੇਕ ਤੱਕ ਇਸ ਨੂੰ 11-5 ਕਰ ਦਿੱਤਾ। ਪ੍ਰਣੌਏ ਨੇ ਦਬਾਅ ਕਾਇਮ ਰੱਖਦਿਆਂ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਸ਼ਾਟ ਖੇਡਦਿਆਂ ਮੈਚ ਆਪਣੇ ਨਾਂ ਕੀਤਾ।