ਨੈਨਟੈੱਸ (ਫਰਾਂਸ), 19 ਜੂਨ

ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨਾਂ ਅਸ਼ਵਿਨੀ ਪੋਨੰਪਾ ਅਤੇ ਤਨੀਸ਼ਾ ਕ੍ਰਾਸਟੋ ਦੀ ਜੋੜੀ ਨੇ ਚੀਨੀ ਤਾਇਪੇ ਦੀ ਹੁੰਗ ਐੱਨ-ਜ਼ੂ ਤੇ ਲਿਨ ਯੂ-ਪੇਈ ਦੀ ਜੋੜੀ ਨੂੰ ਸਿਰਫ਼ 31 ਮਿੰਟਾਂ ’ਚ 21-15, 21-14 ਨਾਲ ਹਰਾ ਕੇ ਨੈਨਟੈੱਸ ਕੌਮਾਂਤਰੀ ਚੈਲੇਂਜ ਖ਼ਿਤਾਬ ਆਪਣੇ ਨਾਂ ਕੀਤਾ।

ਪਹਿਲਾਂ ਭਾਰਤੀ ਜੋੜੀ 0-4 ਤੋਂ ਪੱਛੜ ਰਹੀ ਸੀ ਪਰ ਜਲਦੀ ਹੀ ਉਨ੍ਹਾਂ ਨੇ ਵਾਪਸੀ ਕਰਦੇ ਹੋਏ ਸਕੋਰ 10-10 ਨਾਲ ਬਰਾਬਰ ਕੀਤਾ ਅਤੇ ਪਹਿਲਾ ਗੇਮ 21-15 ਨਾਲ ਜਿੱਤ ਲਿਆ। ਦੂਜੇ ਗੇਮ ਵਿੱਚ ਭਾਰਤੀ ਜੋੜੀ ਦਾ ਦਬਾਅ ਦੇਖਣ ਨੂੰ ਮਿਲਿਆ। 3-3 ਦੀ ਬਰਾਬਰੀ ਤੋਂ ਬਾਅਦ ਅਸ਼ਵਿਨੀ-ਤਨੀਸ਼ਾ ਨੇ ਲਗਾਤਾਰ ਸੱਤ ਅੰਕ ਹਾਸਲ ਕੀਤੇ। ਭਾਰਤ ਨੂੰ ਹਾਲਾਂਕਿ, ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਹਾਰ ਝੱਲਣੀ ਪਈ ਜਿਸ ਵਿੱਚ ਤਨੀਸ਼ਾ ਅਤੇ ਕੇ ਸਾਈ ਪ੍ਰਤੀਕ ਨੂੰ ਡੈਨਮਾਰਕ ਦੀ ਮੈਡਸ ਵੈਸਟਰਗਾਰਡ ਅਤੇ ਕ੍ਰਿਸਟਿਨ ਬੁਸ਼ ਤੋਂ 21 ਮਿੰਟਾਂ ਵਿੱਚ 21-14, 14-21, 17-21 ਨਾਲ ਹਾਰ ਮਿਲੀ।

ਕੌਮਾਂਤਰੀ ਚੈਲੇਂਜ ਟੂਰਨਾਮੈਂਟ, ਬੀਡਬਲਿਊਐੱਫ ਵਿਸ਼ਵ ਟੂਰ ਲੜੀ ਦਾ ਹਿੱਸਾ ਨਹੀਂ ਹੈ। ਅਸ਼ਵਿਨੀ ਨੇ ਕਿਹਾ, ‘‘ਕਾਫੀ ਲੰਬੇ ਸਮੇਂ ਤੋਂ ਜਿੱਤ ਹਾਸਲ ਨਹੀਂ ਕਰ ਸਕੀ ਸੀ ਇਸਲਈ ਇਹ ਜਿੱਤ ਸ਼ਾਨਦਾਰ ਲੱਗ ਰਹੀ ਹੈ। ਤਨੀਸ਼ਾ ਤੇ ਮੈਂ ਜਨਵਰੀ ਤੋਂ ਇਕੋ ਨਾਲ ਖੇਡ ਰਹੀਆਂ ਹਨ, ਜਿਸ ਕਰ ਕੇ ਇਹ ਜਿੱਤ ਹਾਸਲ ਕਰਨੀ ਸ਼ਾਨਦਾਰ ਹੈ।’’