ਓਟਵਾ, 23 ਜਨਵਰੀ  : ਇਸ ਹਫਤੇ 50 ਡਿਫੈਂਸ ਆਗੂਆਂ ਨੂੰ ਮਿਲਣ ਤੋਂ ਬਾਅਦ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਉਹ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਦੇ ਕਿ ਜੇ ਜਰਮਨੀ ਵੱਲੋਂ ਐਕਸਪਰਟ ਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤਾਂ ਕੀ ਕੈਨੇਡਾ ਆਪਣੇ ਕੁੱਝ ਜੰਗ ਵਾਲੇ ਟੈਂਕ ਯੂਕਰੇਨ ਭੇਜਣ ਲਈ ਤਿਆਰ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਵੱਲੋਂ ਵਾਰੀ ਵਾਰੀ ਇਨ੍ਹਾਂ ਟੈਂਕਸ ਲਈ ਮੰਗ ਕੀਤੀ ਜਾ ਰਹੀ ਹੈ। ਪਰ ਇਸ ਹਫਤੇ ਰਾਮਸਟੇਨ ਏਅਰ ਬੇਸ ਵਿਖੇ ਹੋਈਆਂ ਮੀਟਿੰਗਾਂ ਤੋਂ ਬਾਅਦ ਯੂਕਰੇਨ ਡਿਫੈਂਸ ਕਾਂਟੈਕਟ ਗਰੁੱਪ ਦੇ ਮੈਂਬਰ ਇਸ ਫੈਸਲੇ ਉੱਤੇ ਪਹੁੰਚਣ ਤੋਂ ਅਸਫਲ ਰਹੇ ਕਿ ਯੂਕਰੇਨ ਕੀ ਭੇਜਿਆ ਜਾਵੇ। ਕੈਨੇਡਾ ਕੋਲ 82 ਜਰਮਨ ਮੇਡ ਲੈਪਰਡ 2 ਟੈਂਕਸ ਹਨ ਪਰ ਇਨ੍ਹਾਂ ਨੂੰ ਯੂਕਰੇਨ ਭੇਜਣ ਤੋਂ ਪਹਿਲਾਂ ਜਰਮਨੀ ਦੀ ਇਜਾਜ਼ਤ ਦੀ ਲੋੜ ਹੈ ਤੇ ਇਹ ਇਜਾਜ਼ਤ ਅਜੇ ਹਾਸਲ ਨਹੀਂ ਹੋਈ ਹੈ।
ਐਤਵਾਰ ਨੂੰ ਇੱਕ ਇੰਟਰਵਿਊ ਦੌਰਾਨ ਅਨੀਤਾ ਆਨੰਦ ਨੇ ਆਖਿਆ ਕਿ ਕੈਨੇਡਾ ਜਿੰਨੀ ਹੋ ਸਕੇ ਓਨੀ ਮਿਲਟਰੀ ਮਦਦ ਯੂਕਰੇਨ ਭੇਜਣ ਲਈ ਵਚਨਬੱਧ ਹੈ।ਪਰ ਜਦੋਂ ਇਹ ਗੱਲ ਜ਼ੋਰ ਦੇ ਕੇ ਪੁੱਛੀ ਗਈ ਕਿ ਜੇ ਜਰਮਨੀ ਹਾਮੀ ਭਰਦਾ ਹੈ ਤਾਂ ਕੀ ਕੈਨੇਡਾ ਆਪਣੇ ਬੈਟਲ ਟੈਂਕ ਯੂਕਰੇਨ ਭੇਜੇਗਾ ? ਇਸ ਉੱਤੇ ਆਨੰਦ ਨੇ ਆਖਿਆ ਕਿ ਇਸ ਬਾਰੇ ਅਜੇ ਉਨ੍ਹਾਂ ਕੋਲ ਦੱਸਣ ਲਈ ਕੁੱਝ ਨਹੀਂ ਹੈ।ਆਨੰਦ ਨੇ ਆਖਿਆ ਕਿ ਅਗਲੇ ਮਹੀਨੇ ਡਿਫੈਂਸ ਆਗੂ ਇੱਕ ਵਾਰੀ ਫਿਰ ਬਰੱਸਲਜ਼ ਵਿੱਚ ਮਿਲਣਗੇ।