ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰੀਕਾ ਗਾਜ਼ਾ ਪੱਟੀ ਨੂੰ ਲੈ ਕੇ ਇਸ ਦਾ ਵਿਕਾਸ ਕਰੇ। ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਗਾਜ਼ਾ ਪੱਟੀ ਦੀ ਮਲਕੀਅਤ ਬਰਕਰਾਰ ਰੱਖੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਗਾਜ਼ਾ ਪੱਟੀ ਵਿੱਚ ਸਾਰੇ ਹਥਿਆਰਾਂ ਨੂੰ ਖ਼ਤਮ ਕਰ ਦੇਵੇਗਾ ਅਤੇ ਤਬਾਹ ਹੋਈਆਂ ਇਮਾਰਤਾਂ ਨੂੰ ਢਾਹ ਦੇਵੇਗਾ। ਅਮਰੀਕਾ ਉੱਥੇ ਅਜਿਹਾ ਵਿਕਾਸ ਕਰੇਗਾ, ਜਿਸ ਨਾਲ ਗਾਜ਼ਾ ਦੇ ਲੋਕਾਂ ਨੂੰ ਰਹਿਣ ਲਈ ਘਰ ਅਤੇ ਬੇਅੰਤ ਨੌਕਰੀਆਂ ਦਿੱਤੀਆਂ ਜਾਣਗੀਆਂ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਗਾਜ਼ਾ ਦੇ ਪੁਨਰ ਨਿਰਮਾਣ ਲਈ ਅਮਰੀਕੀ ਸੈਨਿਕਾਂ ਦੀ ਜ਼ਰੂਰਤ ਹੈ ਤਾਂ ਉਹ ਗਾਜ਼ਾ ‘ਚ ਫੌਜ ਤਾਇਨਾਤ ਕਰਨ ‘ਤੇ ਵੀ ਵਿਚਾਰ ਕਰ ਸਕਦੇ ਹਨ। ਟਰੰਪ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਅਸੀਂ ਅਜਿਹਾ ਕਰਾਂਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਟਰੰਪ ਦੀ ਯੋਜਨਾ ਦਾ ਸਮਰਥਨ ਕੀਤਾ ਅਤੇ ਇਸ ‘ਤੇ ਖੁਸ਼ੀ ਜ਼ਾਹਿਰ ਕੀਤੀ। ਨੇਤਨਯਾਹੂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਗਾਜ਼ਾ ਭਵਿੱਖ ‘ਚ ਕਦੇ ਵੀ ਇਜ਼ਰਾਈਲ ਲਈ ਖ਼ਤਰਾ ਨਾ ਬਣੇ ਪਰ ਰਾਸ਼ਟਰਪਤੀ ਟਰੰਪ ਇਸ ਨੂੰ ਨਵੀਂ ਉਚਾਈ ‘ਤੇ ਲੈ ਜਾ ਰਹੇ ਹਨ। ਟਰੰਪ ਦਾ ਇੱਕ ਵੱਖਰਾ ਵਿਚਾਰ ਹੈ ਅਤੇ ਇਹ ਗਾਜ਼ਾ ਦਾ ਭਵਿੱਖ ਬਦਲ ਦੇਵੇਗਾ। ਇਸ ਵਿਚਾਰ ਵੱਲ ਧਿਆਨ ਦੇਣ ਦੀ ਲੋੜ ਹੈ। ਨੇਤਨਯਾਹੂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਇਤਿਹਾਸ ਨੂੰ ਬਦਲ ਸਕਦਾ ਹੈ।

ਅਮਰੀਕੀ ਰਾਸ਼ਟਰਪਤੀ ਨੇ ਇਕ ਹੋਰ ਅਹਿਮ ਗੱਲ ਕੀਤੀ, ਜਿਸ ਵਿਚ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਗਾਜ਼ਾ ਤੋਂ ਬੇਘਰ ਹੋਏ ਫਲਸਤੀਨੀਆਂ ਨੂੰ ਯੁੱਧਗ੍ਰਸਤ ਗਾਜ਼ਾ ਤੋਂ ਬਾਹਰ ਪੱਕੇ ਤੌਰ ‘ਤੇ ਵਸਾਇਆ ਜਾਣਾ ਚਾਹੀਦਾ ਹੈ। ਟਰੰਪ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਗਾਜ਼ਾ ਵਾਪਿਸ ਜਾਣਾ ਚਾਹੀਦਾ ਹੈ। ਤੁਸੀਂ ਹੁਣ ਗਾਜ਼ਾ ਵਿੱਚ ਨਹੀਂ ਰਹਿ ਸਕਦੇ। ਸਾਨੂੰ ਕੋਈ ਹੋਰ ਥਾਂ ਲੱਭਣ ਦੀ ਲੋੜ ਹੈ ਅਤੇ ਇਹ ਅਜਿਹੀ ਥਾਂ ਹੋਣੀ ਚਾਹੀਦੀ ਹੈ ਜਿੱਥੇ ਲੋਕ ਖ਼ੁਸ਼ੀ ਨਾਲ ਰਹਿ ਸਕਣ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਅਸੀਂ ਪਿਛਲੇ ਦਹਾਕੇ ‘ਤੇ ਨਜ਼ਰ ਮਾਰੀਏ ਤਾਂ ਗਾਜ਼ਾ ‘ਚ ਸਿਰਫ ਲੋਕਾਂ ਦੀ ਜਾਨ ਗਈ ਹੈ। ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ। ਜੇਕਰ ਅਸੀਂ ਲੋਕਾਂ ਨੂੰ ਬਿਹਤਰ ਥਾਂ ‘ਤੇ ਵਸਾਇਆ ਅਤੇ ਉਨ੍ਹਾਂ ਨੂੰ ਚੰਗੇ ਘਰ ਦੇ ਸਕੀਏ ਤਾਂ ਲੋਕ ਵੀ ਖੁਸ਼ ਰਹਿਣਗੇ ਅਤੇ ਫਿਰ ਕਿਸੇ ਦੀ ਜਾਨ ਨਹੀਂ ਜਾਵੇਗੀ।
ਦੱਸ ਦਈਏ ਕਿ ਅੱਤਵਾਦੀ ਸੰਗਠਨ ਹਮਾਸ ਦੇ ਲੋਕਾਂ ਨੇ ਗਾਜ਼ਾ ਤੋਂ ਇਜ਼ਰਾਇਲ ‘ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 4000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਜਿਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ‘ਚ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ। ਜਿਸ ਵਿੱਚ 46,000 ਫਲਸਤੀਨੀਆਂ ਦੇ ਮਾਰੇ ਜਾਣ ਦੀ ਖਬਰ ਹੈ। ਹਾਲ ਹੀ ‘ਚ ਇਜ਼ਰਾਇਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤਾ ਹੋਇਆ ਸੀ।