ਟੋਰਾਂਟੋ – ਇਥੋਂ ਦੇ ਬੈਂਕ ਆਫ ਕੈਨੇਡਾ ਨੇ ਜੁਲਾਈ 2017 ਤੋਂ ਬਾਅਦ ਪੰਜਵੀਂ ਵਾਰ ਬੈਂਕ ਵਿਆਜ਼ ਦਰਾਂ ਵਿੱਚ ਵਾਧੇ ਦਾ ਐਲਾਨ ਕਰਕੇ ਆਮ ਕੈਨੇਡਾ ਵਾਸੀਆਂ ਨੂੰ ਸ਼ੰਕੇ ਵਿਚ ਪਾ ਦਿੱਤਾ ਹੈ। ਨਵੀਆਂ ਵਿਆਜ਼ ਦਰਾਂ 1.75 ਫੀਸਦੀ, ਜੋ ਕਿ ਦਸੰਬਰ 2008 ਤੋਂ ਬਾਅਦ ਸੱਭ ਤੋਂ ਵੱਧ ਦਰ ਹੋਣ ਜਾ ਰਹੀ ਹੈ। ਇਸ ਵਾਧੇ ਦੀ ਬਦੌਲਤ ਰਾਇਲ ਬੈਂਕ, ਟੀ ਡੀ, ਬੀ ਐਮ ਓ ਅਤੇ ਸੀ ਆਈ ਬੀ ਸੀ ਨੇ ਆਪਣੀਆਂ ਪ੍ਰਾਈਮ ਵਿਆਜ਼ ਦਰਾਂ ਨੂੰ 3.70 ਫੀਸਦੀ ਤੋਂ ਚੁੱਕ ਕੇ 3.95 ਫੀਸਦੀ ਕਰ ਦਿੱਤਾ ਹੈ। ਮਕਾਨਾਂ ਦੀ ਮੌਰਟਗੇਜ ਵਿਆਜ਼ ਦਰ ਵੱਧ ਕੇ 4.10 ਫੀਸਦੀ ਹੋ ਗਈ ਹੈ। ਸਕੋਸ਼ੀਆ ਬੈਂਕ ਵੱਲੋਂ ਵੀ ਆਪਣੀਆਂ ਵਧੀਆਂ ਦਰਾਂ ਐਲਾਨੇ ਜਾਣ ਦੀ ਉਮੀਦ ਹੈ। ਨਵੀਆਂ ਦਰਾਂ ਵੀਰਵਾਰ ਸਵੇਰ ਤੋਂ ਲਾਗੂ ਹੋ ਜਾਣਗੀਆਂ।
ਬੈਂਕ ਆਫ਼ ਕੈਨੇਡਾ ਨੇ ਪਿਛਲੇ ਕਈ ਸਾਲਾਂ ਤੋਂ ਆਰਥਿਕ ਪਖੋਂ ਕਮਜ਼ੋਰ ਹੋਣ ਕਾਰਨ ਵਿਆਜ਼ ਦਰਾਂ ਨੂੰ ਬਹੁਤਾ ਨਹੀਂ ਸੀ ਛੇੜਿਆ ਗਿਆ। ਪਰ ਹਾਲ ਹੀ ਵਿੱਚ ਦਸਤਖਤ ਕੀਤੇ ਨਾਫਟਾ (ਯੂ ਐਸ ਐਮ ਸੀ ਏ) ਅਤੇ ਆਰਥਿਕਤਾ ਨੂੰ ਮਿਲੇ ਹੁਲਾਰੇ ਦੀ ਬਦੌਲਤ ਵਿਆਜ਼ ਦਰਾਂ ਵਧਾ ਕੇ ਬੈਂਕ ਆਫ ਕੈਨੇਡਾ ਨੇ ਆਮ ਕੈਨੇਡਾ ਵਾਸੀਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਵਿਆਜ਼ ਦਰ ਵਿੱਚ ਵਾਧੇ ਕਾਰਨ ਔਸਤਨ ਕੈਨੇਡੀਅਨ ਪਰਿਵਾਰ ਸਾਲ ਵਿੱਚ 1715 ਡਾਲਰ ਵੱਧ ਵਿਆਜ਼ ਭਰਣਗੇ।